ਪੰਜਾਬ ਨਗਰ ਨਿਗਮ ਚੋਣਾਂ ਦੌਰਾਨ ਸਮਾਣਾ, ਗਿੱਦੜਬਾਹਾ ਤੇ ਲੁਧਿਆਣਾ 'ਚ ਹਿੰਸਾ, ਹੋਰ ਕਿੱਥੇ ਭਿੜੇ ਸਿਆਸੀ ਸਮਰਥਕ, ਆਗੂ ਕੀ ਬੋਲੇ

ਤਸਵੀਰ ਸਰੋਤ, Ravinder Singh Robin/ BBC
ਪੰਜਾਬ ਵਿੱਚ ਨਗਰ ਨਿਗਮ ਚੋਣਾਂ ਲਈ ਮੰਗਲਵਾਰ ਨੂੰ ਵੋਟਾਂ ਪਈਆਂ, ਜਿਸ ਕਾਰਨ ਸਾਰਾ ਦਿਨ ਸਿਆਸੀ ਹੱਲਚਲ ਰਹੀ।
ਇਹਨਾਂ ਚੋਣਾਂ ਦੇ ਨਤੀਜੇ 29 ਮਈ ਨੂੰ ਆਉਣਗੇ।
ਸ਼ਾਮ 05:00 ਵਜੇ ਤੱਕ ਮਿਊਂਸਪਲ ਜਨਰਲ ਚੋਣਾਂ, 2026 ਲਈ ਵੋਟਰ ਟਰਨਆਉਟ ਦੇ ਅਸਥਾਈ ਅੰਕੜੇ 61.5 ਫੀਸਦੀ ਹਨ।
ਇਸ ਦੌਰਾਨ ਬਠਿੰਡਾ, ਸਮਾਣਾ, ਗਿੱਦੜਬਾਰਾ, ਮਜੀਠਾ ਅਤੇ ਲੁਧਿਆਣਾ ਦੇ ਰਾਏਕੋਟ ਵਿੱਚ ਝੜਪਾਂ ਅਤੇ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਵਿਰੋਧੀ ਧਿਰਾਂ ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਨੇ ਸੱਤਾਧਾਰੀ ਪਾਰਟੀ ਆਮ ਆਦਮੀ ਉੱਚੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਹਨ।
ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੋਣਾਂ ਸਾਂਤਮਈ ਮਾਹੌਲ ਵਿੱਚ ਕਰਵਾਈਆਂ ਗਈਆਂ।
ਦੱਸ ਦੇਈਏ ਕਿ ਅੱਠ ਮਿਉਂਸੀਪਲ ਕਾਰਪੋਰੇਸ਼ਨਾਂ ਅਬੋਹਰ, ਬਰਨਾਲਾ, ਬਟਾਲਾ, ਬਠਿੰਡਾ, ਕਪੂਰਥਲਾ, ਮੋਗਾ, ਪਠਾਨਕੋਟ ਅਤੇ ਐਸ.ਏ.ਐਸ ਨਗਰ ਵਿੱਚ 396 ਵਾਰਡਾਂ ਲਈ ਵੋਟਿੰਗ ਸੀ। ਇਸ ਦੇ ਲਈ ਕੁੱਲ 1613 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਉਧਰ 75 ਮਿਊਂਸੀਪਲ ਕੌਂਸਲਾਂ ਦੇ 1282 ਵਾਰਡਾਂ ਲਈ ਚੋਣਾਂ ਸਨ ਅਤੇ ਇਸ ਲਈ 5142 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
20 ਨਗਰ ਪੰਚਾਇਤਾਂ ਦੇ ਕੁੱਲ 219 ਵਾਰਡਾਂ ਲਈ ਚੋਣ ਹੋਣੀਆਂ ਸਨ, ਜਿਨ੍ਹਾਂ ਲਈ 800 ਉਮੀਦਵਾਰ ਚੋਣ ਲੜ ਰਹੇ ਹਨ।
ਵੋਟਿੰਗ ਮਗਰੋਂ ਬਠਿੰਡਾ ਵਿੱਚ ਹੰਗਾਮਾ, ਭਾਜਪਾ ਆਗੂ ਸਰੂਪ ਚੰਦ ਸਿੰਗਲਾ ਸਣੇ ਅੱਧਾ ਦਰਜਨ ਲੋਕ ਜ਼ਖਮੀ
ਬੀਬੀਸੀ ਸਹਿਯੋਗੀ ਮਨੋਜ ਸ਼ਰਮਾ ਦੀ ਰਿਪੋਰਟ ਮੁਤਾਬਕ, ਨਗਰ ਨਿਗਮ ਬਠਿੰਡਾ ਦੀ ਵੋਟਿੰਗ ਸਮਾਪਤ ਹੋਣ ਮਗਰੋਂ ਸ਼ਹਿਰ ਦੇ ਵਾਰਡ ਨੰਬਰ 2 ਵਿੱਚ ਤਣਾਅਪੂਰਨ ਮਾਹੌਲ ਬਣ ਗਿਆ। ਇੱਥੇ ਆਮ ਆਦਮੀ ਪਾਰਟੀ ਅਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਹੋ ਗਈ, ਜਿਸ ਦੌਰਾਨ ਇੱਟਾਂ-ਰੋੜੇ ਚੱਲੇ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਸਮੇਤ ਉਨ੍ਹਾਂ ਦੇ ਪੁੱਤਰ ਅਤੇ ਕਰੀਬ ਅੱਧਾ ਦਰਜਨ ਸਮਰਥਕ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਸਰੂਪ ਚੰਦ ਸਿੰਗਲਾ ਨੇ ਦਾਅਵਾ ਕੀਤਾ ਕਿ ਵੋਟਿੰਗ ਖਤਮ ਹੋਣ ਤੋਂ ਬਾਅਦ ਉਹ ਆਪਣੇ ਸਮਰਥਕਾਂ ਨੂੰ ਮਿਲਣ ਵਾਰਡ ਵਿੱਚ ਗਏ ਸਨ। ਇਸ ਦੌਰਾਨ ਆਮ ਆਦਮੀ ਪਾਰਟੀ ਨਾਲ ਸੰਬੰਧਤ ਉਮੀਦਵਾਰ ਅਤੇ ਉਸਦੇ ਸਾਥੀਆਂ ਵੱਲੋਂ ਉਨ੍ਹਾਂ ਦਾ ਰਸਤਾ ਰੋਕਿਆ ਗਿਆ ਅਤੇ ਝਗੜਾ ਸ਼ੁਰੂ ਹੋ ਗਿਆ।
ਉਨ੍ਹਾਂ ਦੇ ਅਨੁਸਾਰ ਧੱਕਾਮੁੱਕੀ ਦੌਰਾਨ ਇੱਟਾਂ-ਰੋੜਿਆਂ ਦੀ ਵਰਤੋਂ ਹੋਈ, ਜਿਸ ਕਾਰਨ ਦੋਵਾਂ ਪਾਸਿਆਂ ਦੇ ਸਮਰਥਕ ਜ਼ਖਮੀ ਹੋਏ। ਇਸ ਝੜਪ ਵਿੱਚ ਸਾਬਕਾ ਵਿਧਾਇਕ ਦਾ ਸੁਰੱਖਿਆ ਕਰਮਚਾਰੀ ਵੀ ਜ਼ਖਮੀ ਹੋ ਗਿਆ।
ਘਟਨਾ ਦੀ ਸੂਚਨਾ ਮਿਲਣ 'ਤੇ ਐੱਸਐੱਸਪੀ
ਕਿੱਥੇ ਹਿੰਸਾ ਤੇ ਝੜਪਾਂ ਹੋਈਆਂ

ਤਸਵੀਰ ਸਰੋਤ, Ravinder Singh Robin/ BBC
ਮਜੀਠਾ ਨਗਰ ਕੌਂਸਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਰਕਰਾਂ ਵਿਚਾਲੇ ਝੜਪ ਹੋਈ।
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਵਾਰਡ ਨੰਬਰ 6 ਦੇ ਬਾਹਰ ਬਣੇ ਕਾਊਂਟਰ ਬੂਥ 'ਤੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿਚਾਲੇ ਤਿੱਖੀ ਬਹਿਸ ਤੋਂ ਬਾਅਦ ਝਗੜਾ ਹੋ ਗਿਆ।
ਦੋਵਾਂ ਧਿਰਾਂ ਵਿਚਾਲੇ ਹੋਈ ਧੱਕਾ-ਮੁੱਕੀ ਅਤੇ ਹੰਗਾਮੇ ਦੌਰਾਨ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ, ਜਿਸ ਦੇ ਸਿਰ 'ਤੇ ਸੱਟ ਲੱਗਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਤੁਰੰਤ ਮੌਕੇ 'ਤੇ ਪਹੁੰਚ ਗਿਆ ਅਤੇ ਹਾਲਾਤਾਂ ਨੂੰ ਕਾਬੂ ਕਰਨ ਲਈ ਦਖ਼ਲ ਦਿੱਤਾ। ਇਸ ਦੌਰਾਨ ਕੁਝ ਸਮੇਂ ਲਈ ਇਲਾਕੇ ਵਿੱਚ ਤਣਾਅ ਬਣਿਆ ਰਿਹਾ।
ਐਸਐਸਪੀ ਦਿਹਾਤੀ ਸੋਹਿਲ ਮੀਰ ਵੀ ਮੌਕੇ 'ਤੇ ਪਹੁੰਚੇ। ਪੁਲਿਸ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

ਤਸਵੀਰ ਸਰੋਤ, Navkiran Singh/BBC
ਬੀਬੀਸੀ ਸਹਿਯੋਗੀ ਨਵਕਿਰਨ ਸਿੰਘ ਮੁਤਾਬਕ ਬਰਨਾਲਾ ਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰਬਰ 15 ਵਿੱਚ ਭਾਜਪਾ ਉਮੀਦਵਾਰ ਦੇ ਪਤੀ 'ਤੇ ਕਥਿਤ ਹਮਲਾ ਹੋਇਆ। ਇਸ ਦੌਰਾਨ ਆਮ ਆਦਮੀ ਪਾਰਟੀ ਅਤੇ ਭਾਜਪਾ ਉਮੀਦਵਾਰਾਂ ਦੇ ਸਮਰਥਕਾਂ ਵਿਚਕਾਰ ਜ਼ਬਰਦਸਤ ਝੜਪਾਂ ਵੀ ਹੋਈਆਂ।
ਝੜਪ ਦੌਰਾਨ ਭਾਜਪਾ ਉਮੀਦਵਾਰ ਦੀਪਿੰਦਰ ਕੌਰ ਦੇ ਪਤੀ ਜਸਵੀਰ ਸਿੰਘ ਦੇ ਸਿਰ ਵਿੱਚ ਸੱਟ ਲੱਗੀ। ਉਹਨਾਂ ਨੂੰ ਤੁਰੰਤ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਤਸਵੀਰ ਸਰੋਤ, Gurminder Grewal/ BBC
ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਮੁਤਾਬਕ ਪਟਿਆਲਾ ਦੇ ਸਮਾਣਾ ਵਿੱਚ ਵਾਰਡ ਨੰਬਰ 10 'ਤੇ ਬੂਥ ਕੈਪਚਰਿੰਗ ਦੇ ਕਥਿਤ ਮਾਮਲੇ ਨੂੰ ਲੈ ਕੇ ਤਣਾਅਪੂਰਨ ਮਾਹੌਲ ਬਣ ਗਿਆ।
ਜਾਣਕਾਰੀ ਮੁਤਾਬਕ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਬੂਥ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਲੱਗੇ। ਇਸ ਦੌਰਾਨ ਵਿਰੋਧੀ ਧਿਰ ਦੇ ਸਮਰਥਕਾਂ ਨਾਲ ਕੁੱਟਮਾਰ ਦੇ ਇਲਜ਼ਾਮ ਵੀ ਲਗਾਏ। ਕੁਝ ਲੋਕਾਂ ਦੇ ਬੂਥ ਦੇ ਅੰਦਰ ਦਾਖਲ ਹੋਣ ਦੀ ਗੱਲ ਵੀ ਆਖੀ ਗਈ ਅਤੇ ਸੀਸੀਟੀਵੀ ਕੈਮਰਿਆਂ ਦੀ ਤੋੜਫੋੜ ਦੀ ਗੱਲ ਕਹੀ ਗਈ।
ਉਧਰ ਪੁਲਿਸ ਅਤੇ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਗੱਲ ਆਖੀ।
ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਦੀਆਂ ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ 4 ਨੰਬਰ ਵਾਰਡ ਤੋਂ ਉਮੀਦਵਾਰ ਜਗਦੇਵ ਸਿੰਘ ਜੱਗਾ ਉੱਤੇ ਕਥਿਤ ਹਮਲੇ ਹੋਇਆ।

ਤਸਵੀਰ ਸਰੋਤ, Rajesh Goldy
ਗਿੱਦੜਬਾਹਾ ਵਿੱਚ ਵਾਰਡ ਨੰਬਰ 18 ਦੇ ਡੀਏਵੀ ਸਕੂਲ ਵਿੱਚ ਹੰਗਾਮਾ ਹੋਇਆ।
ਆਮ ਆਦਮੀ ਪਾਰਟੀ ਦੇ ਆਗੂ ਡਿੰਪੀ ਢਿੱਲੋ ਨੇ ਕਿਹਾ ਕਿ ਬੂਥ ਦੇ ਅੰਦਰ ਬਾਹਰ ਦੇ ਲੋਕ ਸ਼ਾਮਲ ਸਨ, ਜਿਹੜੇ ਅਕਾਲੀ ਦਲ ਨਾਲ ਸੰਬੰਧਤ ਸੀ।
ਉਹਨਾਂ ਕਿਹਾ, "ਇਸ ਕਰਕੇ ਮੈਂ ਉਹਨਾਂ ਨੂੰ ਬਾਹਰ ਆਉਣ ਲਈ ਕਿਹਾ ਸੀ। ਉਸੇ ਗੱਲ ਨੂੰ ਲੈ ਕੇ ਥੋੜਾ ਵਿਵਾਦ ਹੋ ਗਿਆ ਸੀ, ਅਸੀਂ ਕੁਝ ਨਹੀਂ ਕੀਤਾ ਸੀ ਅਤੇ ਉਹਨਾਂ ਨੂੰ ਸਕੂਲ ਦੇ ਵਿੱਚੋਂ ਬਾਹਰ ਕੱਢਿਆ ਹੈ।"
ਢਿੱਲੋਂ ਨੇ ਕਿਹਾ, "ਅਸੀਂ ਸਾਰਾ ਮਾਮਲਾ ਪੁਲਿਸ ਅਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਦਿੱਤਾ ਹੈ।"
ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਮੁਤਾਬਕ ਜਗਦੇਵ ਸਿੰਘ ਜੱਗਾ ਦੀ ਹਾਲਤ ਗੰਭੀਰ ਹੈ ਅਤੇ ਉਹਨਾਂ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿਚ ਭੇਜਿਆ ਗਿਆ ਹੈ।
ਉਧਰ ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਨਾਲ ਗੱਲ ਕਰਦਿਆਂ ਸਿਟੀ ਰਾਏਕੋਟ ਦੇ ਐੱਸਐੱਚਓ ਸੁਰਜੀਤ ਸਿੰਘ ਨੇ ਕਿਹਾ ਕਿ ਜਗਦੇਵ ਸਿੰਘ ਨੇ ਆਪਣੇ ਬਿਆਨ ਵਿੱਚ ਇਲਜ਼ਾਮ ਲਗਾਇਆ ਹੈ ਕਿ ਸ਼ਾਹਬਾਜਪੁਰ ਰੋਡ ਨੇੜੇ ਲਗਭਗ 6-7 ਵਿਅਕਤੀਆਂ ਨੇ ਉਹਨਾਂ ਉੱਤੇ ਹਮਲਾ ਕੀਤਾ। ਪੁਲਿਸ ਨੇ ਬਿਆਨ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਾਲਾਂਕਿ, ਐਸਐਚਓ ਨੇ ਹਮਲੇ ਦਾ ਚੋਣਾਂ ਜਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਾਲ ਕੋਈ ਸੰਬੰਧ ਹੋਣ ਤੋਂ ਇਨਕਾਰ ਕੀਤਾ।

ਤਸਵੀਰ ਸਰੋਤ, Rajesh Goldy/BBC
ਬੀਬੀਸੀ ਸਹਿਯੋਗੀ ਰਾਜ਼ੇਸ਼ ਗੋਲਡੀ ਮੁਤਾਬਕ ਬਠਿੰਡਾ ਦੇ ਵਾਰਡ ਨੰਬਰ ਤਿੰਨ ਤੋਂ ਆਜ਼ਾਦ ਚੋਣ ਲੜ ਰਹੀ ਰਮਨਦੀਪ ਕੌਰ ਦੇ ਘਰ ਵੜ ਕੇ ਕਥਿਤ ਹਮਲਾ ਹੋਣ ਦਾ ਦਾਅਵਾ ਕੀਤਾ ਗਿਆ।
ਕਰੀਬ ਡੇਢ ਵਜੇ ਅੱਧੀ ਦਰਜਨ ਗੱਡੀਆਂ 'ਤੇ ਸਵਾਰ ਹੋ ਕੇ ਆਏ ਅਣਪਛਾਤੇ ਲੋਕਾਂ ਵੱਲੋਂ ਜਿੱਥੇ ਉਹਨਾਂ ਦੇ ਘਰ 'ਤੇ ਹਮਲਾ ਕੀਤਾ ਗਿਆ ਉੱਥੇ ਹੀ ਗੱਡੀਆਂ ਦੀ ਭੰਨਤੋੜ ਕੀਤੀ ਗਈ।
ਉਧਰ ਇਸ ਮਾਮਲੇ ਸੰਬੰਧੀ ਥਾਣਾ ਥਰਮਲ ਦੇ ਇੰਚਾਰਜ ਹਰ ਜੀਵਨ ਸਿੰਘ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੋਲੀ ਚੱਲਣ ਦੀ ਗੱਲ ਸਾਹਮਣੇ ਨਹੀਂ ਆਈ ਪਰ ਗੱਡੀਆਂ ਦੀ ਭੰਨ ਤੋੜ ਜਰੂਰ ਕੀਤੀ ਗਈ ਹੈ।
ਵਿਰੋਧੀ ਧਿਰਾਂ ਨੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ, 'ਆਪ' ਨੇ ਕੀ ਕਿਹਾ

ਤਸਵੀਰ ਸਰੋਤ, Harsimrat Kaur Badal/FB
ਪੰਜਾਬ ਵਿੱਚ ਵਿਰੋਧੀ ਧਿਰਾਂ ਨੇ ਇਲਜ਼ਾਮ ਲਗਾਇਆ ਕਿ ਇਹਨਾਂ ਚੋਣਾਂ ਦੌਰਾਨ ਸਰਕਾਰ ਨੇ ਧੱਕੇਸ਼ਾਹੀ ਕੀਤੀ ਹੈ।
ਕੇਂਦਰੀ ਰਾਜ ਮੰਤਰੀ ਅਤੇ ਬੀਜੇਪੀ ਆਗੂ ਰਵਨੀਤ ਬਿੱਟੂ ਨੇ ਕਿਹਾ, "ਸੱਤਾ ਦੇ ਨਸ਼ੇ ਵਿੱਚ ਚੂਰ ਸਰਕਾਰ ਪੁਲਿਸ ਅਤੇ ਪ੍ਰਸ਼ਾਸਨ ਦੀ ਦੁਰਵਰਤੋਂ ਕਰਕੇ ਸਾਡੀ ਆਵਾਜ਼ ਨਹੀਂ ਦਬਾ ਸਕਦੀ। ਅਸੀਂ ਹਮੇਸ਼ਾ ਜਨਤਾ ਦੇ ਹੱਕਾਂ ਲਈ ਡਟ ਕੇ ਲੜੇ ਹਾਂ ਅਤੇ ਆਖਰੀ ਸਾਹ ਤੱਕ ਲੜਦੇ ਰਹਾਂਗੇ। ਸੱਚ ਨੂੰ ਪਰੇਸ਼ਾਨ ਕੀਤਾ ਜਾ ਸਕਦਾ ਹੈ, ਹਰਾਇਆ ਨਹੀਂ ਜਾ ਸਕਦਾ।"
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ, "ਰਾਏਕੋਟ ਵਿੱਚ ਕਾਂਗਰਸ ਦੇ ਉਮੀਦਵਾਰ ਜਗਦੇਵ ਸਿੰਘ ਜੱਗਾ ਜੀ 'ਤੇ ਹੋਇਆ ਬੇਰਹਿਮ ਹਮਲਾ ਭਗਵੰਤ ਮਾਨ ਸਰਕਾਰ ਹੇਠ੍ਹ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਪੂਰੀ ਖ਼ਸਤਾ ਹਾਲਾਤ ਨੂੰ ਬੇਨਕਾਬ ਕਰਦਾ ਹੈ। ਗੈਂਗਸਟਰਾਂ ਅਤੇ ਰਾਜਨੀਤਿਕ ਗੁੰਡਿਆਂ ਨੂੰ ਖੁੱਲ੍ਹੀ ਛੂਟ ਮਿਲੀ ਹੋਈ ਹੈ, ਜਦਕਿ ਝਾੜੂ ਸਰਕਾਰ ਇਸ਼ਤਿਹਾਰਾਂ ਅਤੇ ਰੀਲਾਂ ਬਣਾਉਣ ਵਿੱਚ ਵਿਅਸਤ ਹੈ। ਜੇ ਚੋਣ ਲੜ ਰਹੇ ਉਮੀਦਵਾਰ ਹੀ ਸੁਰੱਖਿਅਤ ਨਹੀਂ, ਤਾਂ ਪੰਜਾਬ ਦੇ ਆਮ ਲੋਕਾਂ ਦੀ ਹਾਲਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।"
ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ, "ਆਮ ਆਦਮੀ ਪਾਰਟੀ ਦੀ ਬੁਖਲਾਹਟ ਚਾਰੇ ਪਾਸੇ ਨਜ਼ਰ ਆ ਰਹੀ ਹੈ। ਜਿੱਥੇ ਗੁੰਡਾਗਰਦੀ ਦਾ ਨੰਗਾ ਨਾਚ ਅਤੇ ਲੋਕਤੰਤਰ ਦਾ ਘਾਣ ਦੇਖਣ ਨੂੰ ਮਿਲ ਰਿਹਾ ਹੈ।"
ਉਹਨਾਂ ਕਿਹਾ, "ਗਿੱਦੜਬਾਹਾ ਵਿੱਚ ਸਾਡੇ ਬੰਦਿਆਂ ਨੂੰ ਬੂਥਾਂ ਤੋਂ ਕੱਢ-ਕੱਢ ਕੇ ਕੁੱਟਿਆ ਜਾ ਰਿਹਾ ਹੈ। ਪਟਿਆਲਾ ਦੇਖ ਲਵੋ, ਮਜੀਠਾ ਦੇਖ ਲਵੋ, ਹਰ ਪਾਸੇ ਗੁੰਡਾਗਰਦੀ ਹੋ ਰਹੀ ਹੈ।"
ਝੜਪਾਂ ਦੀਆਂ ਘਟਵਾਨਾਂ ਬਾਰੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਆਪਣੇ ਫੇਸਫੁੱਕ ਪੇਜ 'ਤੇ ਇੱਕ ਵੀਡੀਓ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਕਹਿਦੇ ਹਨ, "ਅਜਿਹਾ ਨਹੀਂ ਹੋਣਾ ਚਾਹੀਦਾ। ਜੇ ਕਿਤੇ ਹੋ ਰਹੀਆਂ ਹਨ ਕਿ ਮੈਂ ਸਾਰੀਆਂ ਪਾਰਟੀਆਂ, ਉਮੀਦਵਾਰਾਂ ਅਤੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਭਾਈਚਾਰਕ ਸਾਂਝ 'ਤੇ ਕੋਈ ਆਂਚ ਨਹੀਂ ਆਉਣੀ ਚਾਹੀਦੀ। ਇਹਨਾਂ ਚੀਜ਼ਾਂ ਤੋਂ ਸਾਰਿਆਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ।"
ਸਾਂਝ ਦੀ ਜੱਫ਼ੀ

ਤਸਵੀਰ ਸਰੋਤ, Pardeep Sharma/BBC
ਸੂਬੇ ਵਿੱਚ ਚੋਣਾਂ ਦੌਰਾਨ ਜਿੱਥੇ ਕਈ ਤਰ੍ਹਾਂ ਥਾਵਾਂ ਤੋਂ ਹਿੰਸਕ ਘਟਨਾਵਾਂ ਦੀਆਂ ਖ਼ਬਰਾਂ ਆਈਆਂ, ਉੱਥੇ ਹੀ ਕਪੂਰਥਲਾ ਤੋਂ ਇੱਕ ਵੱਖਰੀ ਤਸਵੀਰ ਸਾਹਮਣੇ ਆਈ।
ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਕਪੂਰਥਲਾ ਦੇ ਵਾਰਡ ਨੰਬਰ 25 ਤੋਂ ਸਾਰੇ ਉਮੀਦਵਾਰ ਇਕਠੇ ਖੜੇ ਨਜ਼ਰ ਆਏ। ਇਹਨਾਂ ਵਿੱਚ ਆਮ ਆਦਮੀ ਪਾਰਟੀ ਦੇ ਰੌਕੀ ਗੁਗਨੇਜਾ, ਅਕਾਲੀ ਦਲ (ਬਾਦਲ) ਦੇ ਰਾਜਿੰਦਰ ਧੰਜਲ, ਕਾਂਗਰਸ ਦੇ ਸੁਰਿੰਦਰ ਸ਼ਰਮਾ ਅਤੇ ਆਜ਼ਾਦ ਉਮੀਦਵਾਰ ਰਾਜਿੰਦਰ ਰਾਜੂ (ਜਿਨ੍ਹਾਂ ਨੂੰ ਭਾਜਪਾ ਦਾ ਸਮਰਥਨ ਪ੍ਰਾਪਤ ਹੈ) ਪੋਲਿੰਗ ਬੂਥ ਦੇ ਬਾਹਰ ਇੱਕ ਦੂਜੇ ਨੂੰ ਜੱਫੀ ਪਾ ਰਹੇ ਸਨ।

ਤਸਵੀਰ ਸਰੋਤ, Gurpreet Chawala/BBC
ਸਿਆਸਤ ਤੇ ਕੁਦਰਤ ਦਾ ਪਾਰਾ ਵਧਿਆ

ਤਸਵੀਰ ਸਰੋਤ, Gurpreet Chawla/ BBC
ਪਠਾਨਕੋਟ ਵਿੱਚ ਨਗਰ ਨਿਗਮ ਚੋਣਾਂ ਲਈ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਐੱਲਡੀਐੱਸ ਪਲਾਜ਼ਮਾ ਸਕੂਲ ਵਿਚ ਸਥਾਪਤ ਬੂਥ ਨੰਬਰ 138 'ਤੇ ਆਪਣੀ ਵੋਟ ਪਾਈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਲੋਕਾਂ ਨੂੰ ਭੈਅ ਮੁਕਤ ਹੋ ਕੇ ਅਤੇ ਪਠਾਨਕੋਟ ਨੂੰ ਵਿਕਸਿਤ ਬਣਾਉਣ ਲਈ ਆਪਣੇ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ।

ਤਸਵੀਰ ਸਰੋਤ, Punjab Congress
ਸੰਗਰੂਰ ਨੇ ਸੁਨਾਮ ਸ਼ਹਿਰ ਵਿੱਚ ਗਰਮੀ ਦਾ ਅਸਰ ਦੇਖਣ ਨੂੰ ਮਿਲਿਆ। ਇੱਥੇ ਵੋਟ ਪਾਉਣ ਆਈ ਮਹਿਲਾ ਬੇਹੋਸ਼ ਹੋ ਗਈ।
ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਮੁਤਾਬਤ ਜਦੋਂ ਇਹ ਮਹਿਲਾ ਵੋਟ ਪਾ ਕੇ ਬਾਹਰ ਆਈ ਤਾਂ ਸਕੂਲ ਦੇ ਵਿੱਚ ਹੀ ਗਰਮੀ ਕਾਰਨ ਬੇਹੋਸ਼ ਹੋ ਕੇ ਡਿੱਗ ਗਈ। ਇਸ ਮਹਿਲਾ ਦੀ ਉਮਰ ਕਰੀਬ 45 ਸਾਲ ਸੀ। ਇਹ ਘਟਨਾ ਸੁਨਾਮ ਵਿੱਚ ਵਾਰਡ ਨੰਬਰ 8 ਵਿੱਚ ਵਾਪਰੀ ਜਿੱਥੇ ਸਰਕਾਰੀ ਸਕੂਲ ਵਿੱਚ ਵੋਟਾਂ ਪੈ ਰਹੀਆਂ ਸਨ। ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਨਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਸੀ।

ਤਸਵੀਰ ਸਰੋਤ, Pardeep Sharma/ BBC
ਕਾਮਿਆਂ ਨੂੰ ਵੋਟ ਪਾਉਣ ਲਈ ਛੋਟ

ਤਸਵੀਰ ਸਰੋਤ, Bharat Bhushan/ BBC
ਬੈਲਟ ਪੇਪਰ ਨਾਲ ਹੀ ਪਈਆਂ ਵੋਟਾਂ

ਪੰਜਾਬ ਵਿੱਚ ਸਥਾਨਕ ਸਰਕਾਰਾਂ ਦੀ ਇਹ ਚੋਣਾਂ ਬੈਲਟ ਪੇਪਰਾਂ ਰਾਹੀਂ ਹੋਈਆਂ। ਸੋਮਵਾਰ ਨੂੰ ਸੁਪਰੀਮ ਕੋਰਟ ਨੇ ਨਗਰ ਨਿਗਮ ਚੋਣਾਂ ਈਵੀਐਮ ਰਾਹੀਂ ਕਰਵਾਉਣ ਦੀ ਪਟੀਸ਼ਨ ਰੱਦ ਕਰ ਦਿੱਤਾ ਅਤੇ ਕਿਹਾ ਕਿ ਹੁਣ ਵੋਟਿੰਗ ਵਿੱਚ ਸਮਾਂ ਬਹੁਤ ਥੋੜ੍ਹਾ ਰਹਿ ਗਿਆ ਹੈ। ਸੁਪਰੀਮ ਕੋਰਟ ਨੇ ਕਿਹਾ, "ਹੁਣ ਸਿਰਫ਼ ਇੱਕ ਦਿਨ ਬਚਿਆ ਹੈ। ਹੁਣ ਕੀ ਹੋ ਸਕਦਾ ਹੈ। "
ਚੀਫ ਜਸਟਿਸ ਸੂਰਿਆ ਕਾਂਤ, ਜਸਟਿਸ ਜੋਇਮਾਲਿਆ ਬਾਗਚੀ ਅਤੇ ਜਸਟਿਸ ਵਿਪੁਲ ਐਮ.ਪੰਚੋਲੀ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਪਟੀਸ਼ਨਕਰਤਾ ਰੁਚੀ ਗਰਗ ਨੂੰ ਅਦਾਲਤ ਵਿੱਚ ਦੇਰੀ ਨਾਲ ਪਹੁੰਚਣ ਬਾਰੇ ਸਵਾਲ ਕੀਤੇ ਸਨ।
ਬੈਂਚ ਨੇ ਇਹ ਵੀ ਕਿਹਾ ਸੀ ਕਿ ਨਿਯਮ ਨਗਰ ਨਿਗਮ ਚੋਣਾਂ ਦਾ ਸੰਚਾਲਨ ਬੈਲਟ ਪੇਪਰਾਂ ਅਤੇ ਈਵੀਐਮ, ਦੋਹਾਂ ਤਰੀਕਿਆਂ ਨਾਲ ਹੋ ਸਕਣ ਦੀ ਇਜਾਜ਼ਤ ਦਿੰਦੇ ਹਨ। ਜੇ ਬੈਲਟ ਪੇਪਰ ਨੂੰ ਹਟਾਇਆ ਜਾਂਦਾ ਹੈ ਤਾਂ ਹੀ ਈਵੀਐਮ ਨੂੰ ਇੱਕਮਾਤਰ ਵਿਕਲਪ ਮੰਨਿਆ ਜਾਂਦਾ ਹੈ।
ਹਾਲਾਂਕਿ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਨੂੰ 2024 ਦੇ ਆਪਣੇ ਫ਼ੈਸਲੇ ਬਾਰੇ ਵਿਚਾਰ ਕਰਨਾ ਚਾਹੀਦਾ ਸੀ ਕਿ ਬੈਲਟ ਪੇਪਰਾਂ ਵੱਲ ਵਾਪਸੀ ਇੱਕ ਪਿਛਾਂਹ ਲਿਜਾਣ ਵਾਲਾ ਕਦਮ ਹੈ।
ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਵਿੱਚ ਕੀ ਫਰਕ ਹੈ ?

ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਤਿੰਨੋਂ ਹੀ ਸ਼ਹਿਰੀ ਸਥਾਨਕ ਸਰਕਾਰਾਂ ਦੇ ਰੂਪ ਹਨ।
ਇਨ੍ਹਾਂ ਵਿੱਚ ਮੁੱਖ ਫਰਕ ਅਬਾਦੀ ਅਤੇ ਇਲਾਕੇ ਦੇ ਅਕਾਰ ਦਾ ਹੁੰਦਾ ਹੈ। ਤਿੰਨਾਂ ਦੇ ਵਾਰਡਾਂ ਵਿੱਚੋਂ ਚੁਣੇ ਜਾਂਦੇ ਨੁਮਾਇੰਦਿਆਂ ਨੂੰ ਆਮ ਤੌਰ 'ਤੇ ਕੌਂਸਲਰ ਜਾਂ ਮਿਊਂਸੀਪਲ ਕੌਂਸਲਰ ਕਿਹਾ ਜਾਂਦਾ ਹੈ।
ਵੱਡੇ ਸ਼ਹਿਰਾਂ ਜਿਨ੍ਹਾਂ ਦੀ ਅਬਾਦੀ ਆਮ ਤੌਰ 'ਤੇ ਤਿੰਨ ਲੱਖ ਜਾਂ ਇਸ ਤੋਂ ਵੱਧ ਹੁੰਦੀ ਹੈ, ਉਨ੍ਹਾਂ ਲਈ ਨਗਰ ਨਿਗਮ ਹੁੰਦਾ ਹੈ। ਨਗਰ ਨਿਗਮ ਦੇ ਮੁਖੀ ਮੇਅਰ ਹੁੰਦੇ ਹਨ। ਇੱਥੇ ਸਰਕਾਰ ਵੱਲੋਂ ਇੱਕ ਪ੍ਰਸ਼ਾਸਨਿਕ ਅਧਿਕਾਰੀ ਤਾਇਨਾਤ ਹੁੰਦਾ ਹੈ ਜਿਸ ਨੂੰ ਕਮਿਸ਼ਨਰ ਕਿਹਾ ਜਾਂਦਾ ਹੈ।
ਦਰਮਿਆਨੇ ਸ਼ਹਿਰਾਂ ਜਿਨ੍ਹਾਂ ਦੀ ਅਬਾਦੀ ਵੀਹ ਹਜ਼ਾਰ ਤੋਂ ਤਿੰਨ ਲੱਖ ਵਿਚਕਾਰ ਹੁੰਦੀ ਹੈ ਉੱਥੇ ਨਗਰ ਕੌਂਸਲ ਹੁੰਦੀ ਹੈ। ਨਗਰ ਕੌਂਸਲ ਦੇ ਮੁਖੀ ਨੂੰ ਪ੍ਰਧਾਨ ਕਿਹਾ ਜਾਂਦਾ ਹੈ। ਸਰਕਾਰੀ ਕੰਮਕਾਜ ਲਈ ਤਾਇਨਾਤ ਪ੍ਰਸ਼ਾਸਨਿਕ ਅਧਿਕਾਰੀ ਨੂੰ ਕਾਰਜਸਾਧਕ ਅਫਸਰ ਕਿਹਾ ਜਾਂਦਾ ਹੈ।
ਪਿੰਡਾਂ ਤੋਂ ਸ਼ਹਿਰਾਂ ਵਿੱਚ ਤਬਦੀਲ ਹੋ ਰਹੇ ਇਲਾਕਿਆਂ ਜਾਂ ਕਸਬਿਆਂ ਜਿਨ੍ਹਾਂ ਦੀ ਅਬਾਦੀ ਦਸ ਹਜ਼ਾਰ ਤੋਂ ਵੀਹ ਹਜ਼ਾਰ ਵਿਚਕਾਰ ਹੁੰਦੀ ਹੈ ਉੱਥੇ ਨਗਰ ਪੰਚਾਇਤ ਹੁੰਦੀ ਹੈ। ਇਸ ਦੇ ਮੁਖੀ ਨੂੰ ਪ੍ਰਧਾਨ ਕਿਹਾ ਜਾਂਦਾ ਹੈ। ਇੱਥੇ ਵੀ ਸਰਕਾਰੀ ਕੰਮ ਕਾਜ ਦੇਖਣ ਵਾਲਾ ਪ੍ਰਸ਼ਾਸਨਿਕ ਅਧਿਕਾਰੀ ਕਾਰਜਸਾਧਕ ਅਫਸਰ ਜਾਂ ਸੈਕਟਰੀ ਹੁੰਦਾ ਹੈ।
ਨਗਰ ਪਾਲਿਕਾਵਾਂ ਦਾ ਕੰਮ ਕੀ ਹੁੰਦਾ ਹੈ ?

ਤਸਵੀਰ ਸਰੋਤ, SANJEEV KUMAR/HINDUSTAN TIMES VIA GETTY IMAGES
ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦਾ ਕੰਮ ਉਨ੍ਹਾਂ ਅਧੀਨ ਆਉਂਦੇ ਇਲਾਕਿਆਂ ਵਿੱਚ ਬੁਨਿਆਦੀ ਸਹੂਲਤਾਂ ਦੇਣਾ ਅਤੇ ਇਲਾਕੇ ਦੇ ਵਿਕਾਸ ਲਈ ਕੰਮ ਕਰਨਾ ਹੁੰਦਾ ਹੈ।
ਪੀਣ ਵਾਲੇ ਪਾਣੀ ਤੇ ਸਟ੍ਰੀਟ ਲਾਈਟਾਂ ਦਾ ਪ੍ਰਬੰਧ, ਸਥਾਨਕ ਸੜਕਾਂ, ਗਲੀਆਂ ਦਾ ਨਿਰਮਾਣ ਤੇ ਸਾਂਭ ਸੰਭਾਲ, ਕੂੜੇ ਦਾ ਨਿਪਟਾਰਾ, ਸੀਵਰੇਜ ਸਿਸਟਮ ਅਤੇ ਸਫਾਈ ਦਾ ਪ੍ਰਬੰਧ ਕਰਾਉਣਾ ਨਗਰ ਪਾਲਿਕਾਵਾਂ ਦੇ ਅਧੀਨ ਆਉਂਦੇ ਹਨ। ਇਸ ਤੋਂ ਇਲਾਵਾ ਨਵੀਆਂ ਇਮਾਰਤਾਂ ਦੇ ਨਕਸ਼ੇ ਜਾਂਚ ਕਰਨੇ, ਨਕਸ਼ੇ ਪਾਸ ਕਰਨੇ ਆਦਿ ਵੀ ਨਗਰ ਪਾਲਿਕਾਵਾਂ ਦੇ ਕੰਮ ਹੁੰਦੇ ਹਨ।
ਇਲਾਕੇ ਲਈ ਬੁਨਿਆਦੀ ਸੇਵਾਵਾਂ ਜਿਵੇਂ ਕਿ ਫਾਇਰ ਬ੍ਰਿਗੇਡ, ਅਵਾਰਾ ਪਸ਼ੂਆਂ ਦਾ ਪ੍ਰਬੰਧ, ਗਰੀਬਾਂ ਲਈ ਰੈਣ ਬਸੇਰੇ ਬਣਾਉਣੇ ਤੇ ਝੁੱਗੀ-ਝੌਂਪੜੀ ਇਲਾਕਿਆਂ ਦਾ ਸੁਧਾਰ ਕਰਨਾ, ਅੰਤਿਮ ਸਸਕਾਰ ਵਾਲੀਆਂ ਥਾਂਵਾਂ ਜਿਵੇਂ ਕਿ ਕਬਰਸਤਾਨ ਤੇ ਸ਼ਮਸ਼ਾਨਘਾਟਾਂ ਦਾ ਪ੍ਰਬੰਧ ਦੇਖਣਾ, ਇਲਾਕੇ ਦੇ ਸੁੰਦਰੀਕਰਨ ਲਈ ਕੋਸ਼ਿਸ਼ਾਂ ਕਰਨਾ ਵੀ ਇਨ੍ਹਾਂ ਅਧੀਨ ਆਉਂਦਾ ਹੈ।
ਕਈ ਤਰ੍ਹਾਂ ਦੇ ਸਰਟੀਫਿਕੇਟ ਵੀ ਨਗਰ ਪਾਲਿਕਾਵਾਂ ਤੋਂ ਬਣਦੇ ਹਨ।
(ਇਹ ਖ਼ਬਰ ਲਗਾਤਾਰ ਅਪਡੇਟ ਕੀਤੀ ਜਾ ਰਹੀ ਹੈ।)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ














