ਇੱਕ ਗੁੰਮਨਾਮ ਬ੍ਰਿਟਿਸ਼ ਵਿਅਕਤੀ ਦੀ ਉਹ ਗਲਤੀ ਜਿਸ ਨੇ ਅੱਜ ਦੀ ਮਾਚਿਸ ਦੀ ਕਾਢ ਕੱਢੀ

ਬਲ਼ਦੀ ਹੋਈ ਮਾਚਿਸ ਦੀ ਤੀਲ੍ਹੀ

ਤਸਵੀਰ ਸਰੋਤ, Getty Images

    • ਲੇਖਕ, ਸਵਾਮੀਨਾਥਨ ਨਟਰਾਜਨ
    • ਰੋਲ, ਬੀਬੀਸੀ ਵਰਲਡ ਸਰਵਿਸ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਗੱਲ 1826 ਦੀ ਹੈ। ਚੰਗੀ ਕਿਸਮਤ ਸਦਕਾ ਜਾਂ ਕਹੀਏ ਕਿ ਅਣਜਾਣੇ ਵਿੱਚ ਹੀ ਕੁਝ ਅਜਿਹਾ ਹੋਇਆ, ਜਿਸ ਨੇ ਹਮੇਸ਼ਾਂ ਲਈ ਰੌਸ਼ਨੀ ਅਤੇ ਗਰਮੀ ਪੈਦਾ ਕਰਨ ਦੇ ਸਾਡੇ ਤਰੀਕੇ ਨੂੰ ਬਦਲ ਕੇ ਰੱਖ ਦਿੱਤਾ।

ਜੌਨ ਵਾਕਰ ਇਸ ਅੰਗਰੇਜ਼ ਫਾਰਮਾਸਿਸਟ ਸਨ ਅਤੇ ਪ੍ਰਯੋਗ ਕਰਨ ਦੇ ਸ਼ੌਕੀਨ ਸਨ। ਉਨ੍ਹਾਂ ਦਿਨੀਂ ਉਹ ਬਾਰੂਦ ਬਣਾਉਣ ਦੀ ਕੋਸ਼ਿਸ਼ ਵਿੱਚ ਕੁਝ ਕੈਮੀਕਲ ਮਿਲਾ ਰਹੇ ਸਨ। ਉਸੇ ਵੇਲੇ, ਉਸ ਮਿਸ਼ਰਣ ਨਾਲ ਲਿਪਟੀ ਇੱਕ ਤੀਲ੍ਹੀ ਗਲਤੀ ਨਾਲ ਉਨ੍ਹਾਂ ਦੀ ਅੰਗੀਠੀ ਦੇ ਸਾਹਮਣੇ ਵਾਲੇ ਇੱਕ ਪੱਥਰ ਨਾਲ ਟਕਰਾ ਗਈ ਅਤੇ ਅਚਾਨਕ ਉਸ ਵਿੱਚ ਅੱਗ ਲੱਗ ਗਈ।

ਵਾਕਰ ਦਾ ਜਨਮ 1781 ਵਿੱਚ ਡਰਹਮ ਦੇ ਸਟਾਕਟਨ-ਆਨ-ਟੀਜ਼ ਬੰਦਰਗਾਹ ਵਾਲੇ ਸ਼ਹਿਰ ਵਿੱਚ ਹੋਇਆ ਸੀ। ਇਹ ਉਦਯੋਗਿਕ ਕ੍ਰਾਂਤੀ ਦੇ ਦੌਰ ਸੀ, ਅਤੇ ਇਸ ਕ੍ਰਾਂਤੀ (ਰਿਵੋਲਿਊਸ਼ਨ) ਪਿਛਲੀ ਮੁੱਖ ਤਾਕਤ ਸੀ ਜੇਮਜ਼ ਵਾਟ ਦਾ ਸਟੀਮ ਇੰਜਣ, ਜੋ 1776 ਵਿੱਚ ਪਹਿਲੀ ਵਾਰ ਕਮਰਸ਼ੀਅਲ ਤੌਰ 'ਤੇ ਵਰਤੋਂ ਵਿੱਚ ਆਇਆ ਸੀ।

ਭਾਫ਼ ਨਾਲ ਚੱਲਣ ਵਾਲੇ ਇਨ੍ਹਾਂ ਇੰਜਨਾਂ ਦੀ ਵਰਤੋਂ ਕਰਨ ਵਾਲੀ ਪਹਿਲੀ ਪਬਲਿਕ ਰੇਲਵੇ 1825 ਵਿੱਚ ਸਟਾਕਟਨ ਤੱਕ ਪਹੁੰਚੀ ਸੀ।

ਇੰਜਣ ਆਉਣ ਤੋਂ ਚਾਰ ਸਾਲ ਬਾਅਦ, ਜੌਰਜ ਸਟੀਫ਼ਨਸਨ ਦੇ 'ਰਾਕੇਟ' ਨੇ ਇਹ ਸਾਬਤ ਕਰ ਦਿੱਤਾ ਕਿ ਭਾਫ਼ ਨਾਲ ਚੱਲਣ ਵਾਲੇ ਇੰਜਣ ਪੈਸੇਂਜਰ ਟ੍ਰੇਨਾਂ ਨੂੰ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਖਿੱਚ ਸਕਦੇ ਹਨ। ਅਤੇ ਜਲਦ ਹੀ, ਜੋ ਸਫ਼ਰ ਘੋੜਿਆਂ ਨਾਲ ਤੈਅ ਕਰਨ ਵਿੱਚ 12 ਦਿਨ ਲੱਗਦੇ ਸਨ, ਉਹ ਮਹਿਜ਼ ਅੱਠ ਘੰਟਿਆਂ ਵਿੱਚ ਪੂਰੇ ਹੋਣ ਲੱਗੇ।

ਇੰਨੀ ਤਰੱਕੀ ਦੇ ਬਾਅਦ ਵੀ, ਇਸ ਤਾਕਤ ਨੂੰ ਪੈਦਾ ਕਰਨ ਵਾਲੀ ਅੱਗ ਬਾਲਣ ਲਈ ਲੋਕ ਅਜੇ ਵੀ ਚਕਮਕ ਪੱਥਰ ਅਤੇ ਸਟੀਲ ਨਾਲ ਜੂਝ ਰਹੇ ਸਨ, ਜਾਂ ਫਿਰ ਅੰਗਾਰਿਆਂ ਨੂੰ ਹਮੇਸ਼ਾਂ ਬਲ਼ਦੇ ਰੱਖਣ ਲਈ ਸਖਤ ਮਿਹਨਤ ਕਰ ਰਹੇ ਸਨ। ਅਜਿਹਾ ਉਦੋਂ ਤੱਕ ਚੱਲਦਾ ਰਿਹਾ, ਜਦੋਂ ਤੱਕ ਵਾਕਰ ਦੀ ਇਸ ਅਚਾਨਕ ਹੋਈ ਕਾਢ ਨੇ ਅੱਗ ਪੈਦਾ ਕਰਨ, ਉਸਦਾ ਇਸਤੇਮਾਲ ਕਰਨ ਅਤੇ ਉਸਨੂੰ ਕਿਤੇ ਵੀ ਲੈਕੇ ਜਾਣ ਦੇ ਤਰੀਕੇ ਵਿੱਚ ਕ੍ਰਾਂਤੀ ਨਹੀਂ ਲਿਆ ਦਿੱਤੀ।

ਮੰਨਿਆ ਜਾਂਦਾ ਹੈ ਕਿ ਵਾਕਰ ਨੇ ਆਪਣੇ ਪ੍ਰਯੋਗਾਂ ਲਈ ਤੋਲਣ ਵਾਲੇ ਇਹਨਾਂ ਪੈਮਾਨਿਆਂ ਦੀ ਵਰਤੋਂ ਕੀਤੀ ਸੀ, ਜੋ ਤਸਵੀਰ ਵਿੱਚ ਨਜ਼ਰ ਆ ਰਹੇ ਹਨ

ਤਸਵੀਰ ਸਰੋਤ, Preston Park Museum

ਤਸਵੀਰ ਕੈਪਸ਼ਨ, ਮੰਨਿਆ ਜਾਂਦਾ ਹੈ ਕਿ ਵਾਕਰ ਨੇ ਆਪਣੇ ਪ੍ਰਯੋਗਾਂ ਲਈ ਤੋਲਣ ਵਾਲੇ ਇਹਨਾਂ ਪੈਮਾਨਿਆਂ ਦੀ ਵਰਤੋਂ ਕੀਤੀ ਸੀ, ਜੋ ਤਸਵੀਰ ਵਿੱਚ ਨਜ਼ਰ ਆ ਰਹੇ ਹਨ

ਇੱਕ ਸਿਖਲਾਈ ਪ੍ਰਾਪਤ ਸਰਜਨ ਹੋਣ ਦੇ ਬਾਵਜੂਦ, ਵਾਕਰ ਨੇ 18ਵੀਂ ਸਦੀ ਦੇ ਆਪ੍ਰੇਸ਼ਨ ਥੀਏਟਰਾਂ ਵਿੱਚ ਖ਼ੂਨ-ਖ਼ਰਾਬੇ ਵਾਲੇ ਮਾਹੌਲ ਤੋਂ ਪਰੇਸ਼ਾਨ ਹੋ ਕੇ, ਇੱਕ "ਦਵਾਈ ਵੇਚਣ ਵਾਲੇ" ਵਜੋਂ ਫਿਰ ਤੋਂ ਸਿਖਲਾਈ ਲਈ ਸੀ।

ਏ ਟੇਲ ਆਫ਼ ਹੋਪ ਐਂਡ ਡਿਸਪੇਅਰ: ਨੌਰਥ ਆਫ਼ ਇੰਗਲੈਂਡ ਮੈਚ ਕੋ ਵੈਸਟ ਹਾਰਟਲਪੂਲ 1932-1954 ਦੇ ਲੇਖਕ ਐਲਨ ਮਿਡਲਟਨ ਦੇ ਅਨੁਸਾਰ, 1826 ਤੱਕ ਉਨ੍ਹਾਂ ਨੇ ਆਪਣਾ ਜ਼ਿਆਦਾਤਰ ਸਮਾਂ ਦਵਾਈਆਂ ਬਣਾਉਣ ਵਿੱਚ ਬਿਤਾਇਆ - ਨਾ ਸਿਰਫ਼ ਮਨੁੱਖਾਂ ਲਈ, ਸਗੋਂ ਘੋੜਿਆਂ, ਪਸ਼ੂਆਂ ਅਤੇ ਇੱਥੋਂ ਤੱਕ ਕਿ ਮੁਰਗੀਆਂ ਲਈ ਵੀ।

ਪਰ ਸਭ ਤੋਂ ਅਹਿਮ ਗੱਲ ਇਹ ਸੀ ਕਿ ਵਾਕਰ ਰਸਾਇਣਾਂ ਨਾਲ ਪ੍ਰਯੋਗ ਵੀ ਕਰ ਰਹੇ ਸਨ।

ਵਾਕਰ ਦੀ ਕੋਈ ਤਸਵੀਰ ਮੌਜੂਦ ਨਾ ਹੋਣ ਕਰਕੇ, ਬੀਐੱਮਐੱਲ ਐਂਡ ਬੀਐੱਸ ਨੇ ਇਹ ਏਆਈ ਦੀ ਮਦਦ ਨਾਲ ਉਨ੍ਹਾਂ ਦੀ ਇਹ ਤਸਵੀਰ ਤਿਆਰ ਕੀਤੀ ਹੈ

ਤਸਵੀਰ ਸਰੋਤ, Alan Middleton and the British Matchbox Label and Bookmatch Society

ਤਸਵੀਰ ਕੈਪਸ਼ਨ, ਵਾਕਰ ਦੀ ਕੋਈ ਤਸਵੀਰ ਮੌਜੂਦ ਨਾ ਹੋਣ ਕਰਕੇ, ਬੀਐੱਮਐੱਲ ਐਂਡ ਬੀਐੱਸ ਨੇ ਇਹ ਏਆਈ ਦੀ ਮਦਦ ਨਾਲ ਉਨ੍ਹਾਂ ਦੀ ਇਹ ਤਸਵੀਰ ਤਿਆਰ ਕੀਤੀ ਹੈ

ਮਿਡਲਟਨ ਕਹਿੰਦੇ ਹਨ, "ਵਾਕਰ ਇੱਕ ਸਮਝਦਾਰ ਅਤੇ ਬਹੁਤ ਦਿਆਲੂ ਇਨਸਾਨ ਸਨ ਅਤੇ ਕੁਝ ਲੋਕ ਤਾਂ ਉਨ੍ਹਾਂ ਨੂੰ ਇੱਕ 'ਸੁਤੰਤਰ ਤੌਰ 'ਤੇ ਕੰਮ ਕਰਨ ਵਾਲਾ' ਵੀ ਕਹਿੰਦੇ ਹਨ।"

"ਉਨ੍ਹਾਂ ਦੀ ਇੱਕ ਵੱਡੀ ਦਿਲਚਸਪੀ ਕੈਮਿਸਟਰੀ ਵਿੱਚ ਸੀ ਅਤੇ ਉਹ ਆਪਣੇ ਕਿਸਾਨ ਦੋਸਤਾਂ ਲਈ 'ਪਰਕਸ਼ਨ ਕੈਪਸ' (ਉਹ ਚੀਜ਼ਾਂ ਜਿਨ੍ਹਾਂ ਨਾਲ ਬੰਦੂਕਾਂ ਚੱਲਦੀਆਂ ਹਨ) ਬਣਾਉਣ ਲਈ ਕੇਮਿਕਲ ਮਿਲਾਇਆ ਕਰਦੇ ਸਨ।"

"ਇੱਕ ਦਿਨ, ਉਹ ਇੱਕ ਖ਼ਾਸ ਤਰ੍ਹਾਂ ਦਾ ਮਿਸ਼ਰਣ ਬਣਾ ਰਹੇ ਸਨ ਅਤੇ ਉਸਨੂੰ ਸੁੱਕਣ ਲਈ ਛੱਡ ਦਿੱਤਾ। ਜਦੋਂ ਉਹ ਸੁੱਕ ਗਿਆ, ਤਾਂ ਉਨ੍ਹਾਂ ਨੇ ਲੱਕੜ ਦੇ ਉਸ ਟੁਕੜੇ ਨੂੰ ਅੰਗੀਠੀ 'ਤੇ ਰਗੜਿਆ ਅਤੇ ਉਸ ਵਿੱਚ ਅੱਗ ਲੱਗ ਗਈ।"

"ਇਹ ਇੱਕ ਅਜਿਹਾ ਸ਼ਾਨਦਾਰ ਪਲ ਸੀ, ਜੋ ਦੁਨੀਆ ਵਿੱਚ ਕਿਸੇ ਹੋਰ ਨੇ ਪਹਿਲਾਂ ਕਦੇ ਨਹੀਂ ਕੀਤਾ ਸੀ।''

"ਉਨ੍ਹਾਂ ਨੂੰ ਇਸ ਵਿੱਚ ਕਮਰਸ਼ੀਅਲ ਸੰਭਾਵਨਾਵਾਂ ਨਜ਼ਰ ਆਈਆਂ। ਇਹ 1826 ਦੇ ਆਸ-ਪਾਸ ਦੀ ਗੱਲ ਹੈ; ਸਾਨੂੰ ਠੀਕ-ਠੀਕ ਤਾਰੀਖ ਤਾਂ ਨਹੀਂ ਪਤਾ, ਪਰ ਪਹਿਲੀ ਵਿੱਕਰੀ ਅਪ੍ਰੈਲ 1827 ਵਿੱਚ ਹੋਈ ਸੀ।

"ਉਨ੍ਹਾਂ ਨੇ ਇਨ੍ਹਾਂ ਨੂੰ 'ਫ੍ਰਿਕਸ਼ਨ ਮੈਚ' ਨਾਮ ਦਿੱਤਾ ਅਤੇ ਸ਼ੁਰੂ ਵਿੱਚ ਇਹ ਇੱਕ ਟਿਨ ਦੇ ਡੱਬੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਵੇਚੀਆਂ ਜਾਂਦੀਆਂ ਸਨ।"

ਵਾਕਰ ਦੀਆਂ "ਫ੍ਰਿਕਸ਼ਨ ਲਾਈਟਸ" ਲੱਕੜ ਦੀਆਂ ਬਹੁਤ ਪਤਲੀਆਂ ਅਤੇ ਚਪਟੀਆਂ ਤੀਲ੍ਹੀਆਂ ਹੁੰਦੀਆਂ ਸਨ, ਜਿਨ੍ਹਾਂ ਦਾ ਇੱਕ ਸਿਰਾ ਪੋਟੈਸ਼ੀਅਮ ਕਲੋਰੇਟ, ਐਂਟੀਮਨੀ ਸਲਫ਼ਾਈਡ, ਗਮ ਅਰੈਬਿਕ ਅਤੇ ਪਾਣੀ ਦੇ ਪੇਸਟ ਵਿੱਚ ਡੁਬੋਇਆ ਜਾਂਦਾ ਸੀ। ਜਦੋਂ ਇਨ੍ਹਾਂ ਨੂੰ ਸੈਂਡਪੇਪਰ ਦੇ ਇੱਕ ਮੁੜੇ ਹੋਏ ਟੁਕੜੇ ਨਾਲ ਰਗੜਿਆ ਜਾਂਦਾ ਸੀ, ਤਾਂ ਮਾਚਿਸ ਦੀ ਤੀਲ੍ਹੀ ਵਿੱਚ ਅੱਗ ਲੱਗ ਜਾਂਦੀ ਸੀ।

ਸਟਾਕਟਨ ਵਿੱਚ ਪ੍ਰੈਸਟਨ ਪਾਰਕ ਮਿਊਜ਼ੀਅਮ ਵਿੱਚ ਵਾਕਰ ਦੀਆਂ ਫਰਿਕਸ਼ਨ ਲਾਈਟਸ ਨਾਲ ਮਿਲਦੀਆਂ-ਜੁਲਦੀਆਂ ਤੀਲ੍ਹੀਆਂ

ਤਸਵੀਰ ਸਰੋਤ, Preston Park Museum

ਤਸਵੀਰ ਕੈਪਸ਼ਨ, ਸਟਾਕਟਨ ਵਿੱਚ ਪ੍ਰੈਸਟਨ ਪਾਰਕ ਮਿਊਜ਼ੀਅਮ ਵਿੱਚ ਵਾਕਰ ਦੀਆਂ ਫਰਿਕਸ਼ਨ ਲਾਈਟਸ ਨਾਲ ਮਿਲਦੀਆਂ-ਜੁਲਦੀਆਂ ਤੀਲ੍ਹੀਆਂ

ਵਾਕਰ ਨੇ ਆਪਣਾ ਫ਼ਾਰਮੂਲਾ ਗੁਪਤ ਰੱਖਿਆ, ਪਰ ਕਦੇ ਇਸਦਾ ਪੇਟੈਂਟ ਨਹੀਂ ਕਰਵਾਇਆ। ਉਨ੍ਹਾਂ ਦਾ ਪ੍ਰੋਡਕਟ ਸਸਤਾ ਸੀ, ਅਤੇ ਉਹ ਸਟਾਕਟਨ ਸ਼ਹਿਰ ਦੇ ਅੰਦਰ ਹੀ ਇਸਦੀ ਮੰਗ ਪੂਰੀ ਕਰਨ ਵਿੱਚ ਸਮਰੱਥ ਸਨ।

ਪਰ 'ਫਾਰਮਾਸਿਊਟਿਕਲ ਜਰਨਲ' ਦੇ ਅਨੁਸਾਰ- "ਵਾਕਰ ਦੀਆਂ ਮਾਚਿਸਾਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਸਨ। ਬਲ਼ਦੇ ਹੋਏ ਗੰਧਕ ਦੀ ਪਰਤ ਕਦੇ-ਕਦੇ ਤੀਲ੍ਹੀ ਤੋਂ ਹੇਠਾਂ ਡਿੱਗ ਜਾਂਦੀ ਸੀ, ਜਿਸ ਨਾਲ ਜ਼ਮੀਨ ਜਾਂ ਇਸਤੇਮਾਲ ਕਰਨ ਵਾਲੇ ਦੇ ਕੱਪੜਿਆਂ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਰਹਿੰਦਾ ਸੀ।"

1829 ਤੱਕ, ਲੰਡਨ ਦੇ ਸੈਮੂਅਲ ਜੋਨਜ਼ ਨੇ ਆਪਣੀਆਂ "ਲਿਊਸਿਫ਼ਰਜ਼" ਲਾਂਚ ਕਰ ਦਿੱਤੀਆਂ ਸਨ - ਜੋ ਵਾਕਰ ਦੀਆਂ 'ਫ੍ਰਿਕਸ਼ਨ ਲਾਈਟਸ' ਦੀ ਹੀ ਹੂਬਹੂ ਨਕਲ ਸਨ - ਅਤੇ ਇਹ ਵੱਡੇ ਪੱਧਰ 'ਤੇ ਉਤਪਾਦਨ ਹੋਣ ਵਾਲੀਆਂ ਪਹਿਲੀਆਂ ਮਾਚਿਸਾਂ ਬਣੀਆਂ।

'ਬ੍ਰਿਟਿਸ਼ ਮੈਚਬਾਕਸ ਲੇਬਲ ਐਂਡ ਬੁੱਕਮੈਚ ਸੋਸਾਇਟੀ' (BML&BS) ਦੇ ਪ੍ਰਧਾਨ ਡੇਰੈਕ ਜੂਡ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਜਲਦ ਹੀ ਹੋਰਾਂ ਨੇ ਵੀ ਇਸ ਫ਼ਾਰਮੂਲੇ ਵਿੱਚ ਸੁਧਾਰ ਕਰਨਾ ਸ਼ੁਰੂ ਕਰ ਦਿੱਤਾ ਸੀ।

ਪੈਕੇਜਿੰਗ ਲਈ ਵਰਤੇ ਜਾਣ ਵਾਲੇ ਟਿਨ ਦੇ ਆਕਾਰ ਅਤੇ ਬਣਾਵਟ ਵਿੱਚ ਵੀ ਬਦਲਾਅ ਆਏ। ਪਰ 1844 ਵਿੱਚ ਸਵੀਡਨ ਵਿੱਚ ਬਣੇ ਇੱਕ ਨਵੇਂ ਡਿਜ਼ਾਈਨ ਦੇ ਆਉਣ ਤੋਂ ਬਾਅਦ ਹੀ ਆਧੁਨਿਕ ਮਾਚਿਸ ਦੀ ਡੱਬੀ ਨੂੰ ਪ੍ਰਸਿੱਧੀ ਮਿਲੀ।

ਜੂਡ ਕਹਿੰਦੇ ਹਨ, "ਉਹ ਪਹਿਲੀ ਅਜਿਹੀ ਮਾਚਿਸ ਦੀ ਡੱਬੀ ਸੀ, ਜਿਸਦਾ ਅਸਲ ਵਿੱਚ ਪੇਟੈਂਟ ਕਰਵਾਇਆ ਗਿਆ ਸੀ।"

ਤਾਮਿਲਨਾਡੂ ਦੀ ਇੱਕ ਮਹਿਲਾ ਮਾਚਿਸ ਤਿਆਰ ਕਰਦੇ ਹੋਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਹੁਤ ਸਾਰੇ ਖੇਤਰਾਂ ਵਿੱਚ, ਜਿਵੇਂ ਕਿ ਦੱਖਣੀ ਭਾਰਤ ਦੇ ਤਾਮਿਲਨਾਡੂ ਸੂਬੇ 'ਚ ਅੱਜ ਵੀ ਘਰਾਂ ਵਿੱਚ ਮਾਚਿਸਾਂ ਬਣਾਈਆਂ ਜਾਂਦੀਆਂ ਹਨ

ਕਈ ਇਲਾਕਿਆਂ ਵਿੱਚ, ਮਾਚਿਸ ਬਣਾਉਣ ਦਾ ਕੰਮ ਇੱਕ ਕੁਟਿਰ ਉਦਯੋਗ (ਘਰੇਲੂ ਉਦਯੋਗ) ਬਣ ਗਿਆ। ਇਨ੍ਹਾਂ ਦਾ ਉਤਪਾਦਨ ਘਰਾਂ ਵਿੱਚ ਹੀ ਕੀਤਾ ਜਾਂਦਾ ਸੀ, ਜਿਸ ਨਾਲ ਪਰਿਵਾਰਾਂ ਨੂੰ ਆਪਣੀ ਮੁੱਖ ਆਮਦਨ ਤੋਂ ਇਲਾਵਾ ਕੁਝ ਵਾਧੂ ਆਮਦਨ ਵੀ ਹੋ ਜਾਂਦੀ ਸੀ, ਹਾਲਾਂਕਿ ਇਹ ਕੰਮ ਥੋੜ੍ਹਾ ਜੋਖ਼ਿਮ ਭਰਿਆ ਸੀ।

ਜੂਡ ਦੱਸਦੇ ਹਨ, "ਫੈਕਟਰੀ ਦੇ ਆਸ-ਪਾਸ ਰਹਿਣ ਵਾਲੀਆਂ ਮਹਿਲਾਵਾਂ ਅਤੇ ਬੱਚੇ 'ਪੀਸਵਰਕ' (ਹਰ ਬਣੀ ਹੋਈ ਚੀਜ਼ ਦੇ ਹਿਸਾਬ ਨਾਲ ਪੈਸੇ ਮਿਲਣਾ, ਨਾ ਕਿ ਤੈਅ ਤਨਖ਼ਾਹ ਮੁਤਾਬਕ) ਦੇ ਆਧਾਰ 'ਤੇ ਮਾਚਿਸ ਦੀਆਂ ਡੱਬੀਆਂ ਬਣਾਉਂਦੇ ਸਨ। ਫਿਰ ਮਸ਼ੀਨਾਂ ਆ ਗਈਆਂ ਅਤੇ ਇਹ ਕੰਮ ਕਰੋੜਾਂ ਡਾਲਰ ਦਾ ਵੱਡਾ ਕਾਰੋਬਾਰ ਬਣ ਗਿਆ।"

ਹਾਲਾਂਕਿ, ਬਾਅਦ ਵਿੱਚ ਇੱਕ ਹੋਰ ਕਾਢ - ਸਿਗਰਟ ਲਾਈਟਰ ਦੀ ਕਾਢ - ਹੋਣ ਕਾਰਨ ਇਸ ਕਾਰੋਬਾਰ ਵਿੱਚ ਕਾਫ਼ੀ ਗਿਰਾਵਟ ਆ ਗਈ।

ਜੂਡ ਕਹਿੰਦੇ ਹਨ, "ਪਿਛਲੇ ਕੁਝ ਸਾਲਾਂ ਵਿੱਚ ਇਹ ਕਾਰੋਬਾਰ ਕਾਫ਼ੀ ਸੁੰਗੜ ਗਿਆ ਹੈ। ਕਈ ਕੰਪਨੀਆਂ ਤਾਂ ਪੂਰੀ ਤਰ੍ਹਾਂ ਬੰਦ ਹੀ ਹੋ ਗਈਆਂ ਹਨ।"

ਮਿਡਲਟਨ ਕਹਿੰਦੇ ਹਨ ਕਿ ਮਾਚਿਸਾਂ ਅੱਜ ਵੀ ਹਰ ਜਗ੍ਹਾ ਆਮ ਹਨ ਅਤੇ ਭਾਵੇਂ ਇਹ ਅਜੇ ਵੀ ਇੱਕ ਜ਼ਰੂਰੀ ਚੀਜ਼ ਹਨ, ਪਰ ਹੁਣ ਇਹ ਇੱਕ ਫੈਸ਼ਨ ਐਕਸੈਸਰੀ ਵੀ ਬਣ ਗਈਆਂ ਹਨ; ਕਸਟਮਾਈਜ਼ਡ ਪੈਕ 250 ਡਾਲਰ ਤੱਕ ਵਿੱਚ ਵਿਕਦੇ ਹਨ।

ਹਾਲਾਂਕਿ, ਉਨ੍ਹਾਂ ਦੀ ਕਾਢ ਅਜੇ ਵੀ ਗੁਮਨਾਮ ਹੀ ਹੈ - ਅਤੇ ਮਿਡਲਟਨ ਅਤੇ ਜੂਡ ਦੋਵੇਂ ਸਹਿਮਤ ਹਨ ਕਿ 200 ਸਾਲ ਬਾਅਦ ਹੁਣ ਵਾਕਰ ਵਧੇਰੇ ਮਾਨਤਾ ਦੇ ਹੱਕਦਾਰ ਹਨ।

ਜੂਡ ਕਹਿੰਦੇ ਹਨ, "ਵਾਕਰ ਇਤਿਹਾਸ ਦੇ ਉਹ ਵਿਅਕਤੀ ਸਨ, ਜਿਨ੍ਹਾਂ ਨੇ ਆਪਣੀ ਕਾਢ ਦਾ ਪਿੱਛਾ ਕਰਨ ਦੀ ਇੱਛਾ ਨਹੀਂ ਰੱਖੀ। ਜੇ ਉਹ ਅਜਿਹਾ ਕਰਦੇ ਤਾਂ ਉਹ ਬਹੁਤ ਮਸ਼ਹੂਰ ਹੋ ਸਕਦੇ ਸਨ।"

ਸਟਾਕਟਨ ਦੀ 200ਵੀਂ ਵਰ੍ਹੇਗੰਢ ਦੇ ਜਸ਼ਨ 29 ਮਈ ਨੂੰ, ਵਾਕਰ ਦੇ ਜਨਮਦਿਨ ਦੇ ਮੌਕੇ 'ਤੇ ਸ਼ੁਰੂ ਹੋਣਗੇ

ਤਸਵੀਰ ਸਰੋਤ, Stockton Borough Council

ਤਸਵੀਰ ਕੈਪਸ਼ਨ, ਸਟਾਕਟਨ 'ਚ 200ਵੀਂ ਵਰ੍ਹੇਗੰਢ ਦੇ ਜਸ਼ਨ 29 ਮਈ ਨੂੰ, ਵਾਕਰ ਦੇ ਜਨਮਦਿਨ ਦੇ ਮੌਕੇ 'ਤੇ ਸ਼ੁਰੂ ਹੋਣਗੇ

ਖੁਸ਼ਕਿਸਮਤੀ ਨਾਲ, ਸਟਾਕਟਨ ਦੇ ਲੋਕ ਵੀ ਇਹੋ-ਜਿਹਾ ਹੀ ਮਹਿਸੂਸ ਕਰਦੇ ਹਨ ਅਤੇ ਕਈ ਲੋਕ ਉਮੀਦ ਕਰਦੇ ਹਨ ਕਿ ਸ਼ਹਿਰ ਦੀ 200ਵੀਂ ਵਰ੍ਹੇਗੰਢ ਦੇ ਸਮਾਰੋਹ – ਜੋ 29 ਮਈ, ਵਾਕਰ ਦੇ ਜਨਮਦਿਨ ਤੋਂ ਸ਼ੁਰੂ ਹੋ ਰਹੇ ਹਨ – ਆਖ਼ਿਰਕਾਰ ਇਸ ਅਸਾਧਾਰਣ ਸਥਾਨਕ ਕਾਢ ਲਈ ਵਾਕਰ ਨੂੰ ਉਹ ਸਿਹਰਾ ਦੇਣਗੇ, ਜਿਸ ਦੇ ਉਹ ਹੱਕਦਾਰ ਹਨ।

ਕੌਂਸਲ ਲੀਡਰ ਲੀਸਾ ਇਵਾਂਸ ਕਹਿੰਦੇ ਹਨ, "ਸਾਨੂੰ ਉਮੀਦ ਹੈ ਕਿ ਇਸ ਸਾਲ ਅਤੇ ਅਗਲੇ ਸਾਲ ਹੋਣ ਵਾਲੇ ਸਮਾਗਮਾਂ ਰਾਹੀਂ ਹੋਰ ਲੋਕ ਰੋਜ਼ਾਨਾ ਵਰਤੀ ਜਾਣ ਵਾਲੀ ਮਾਚਿਸ ਦੇ ਵਿਕਾਸ ਵਿੱਚ ਵਾਕਰ ਦੀ ਭੂਮਿਕਾ ਬਾਰੇ ਜਾਣਨਗੇ।"

"ਫ੍ਰਿਕਸ਼ਨ ਮੈਚ ਦੀ ਕਾਢ ਦਾ ਮਤਲਬ ਸੀ ਕਿ ਬਹੁਤ ਘੱਟ ਮਿਹਨਤ ਨਾਲ ਤੁਰੰਤ ਅੱਗ ਪੈਦਾ ਕੀਤੀ ਜਾ ਸਕਦੀ ਸੀ।''

"ਮਾਚਿਸਾਂ ਦੇ ਆਉਣ ਨਾਲ ਉਦਯੋਗਿਕ ਅਤੇ ਘਰੇਲੂ, ਦੋਵੇਂ ਥਾਵਾਂ 'ਤੇ ਰੋਜ਼ਾਨਾ ਦੇ ਕੰਮ ਕਾਫ਼ੀ ਆਸਾਨ ਅਤੇ ਤੇਜ਼ ਹੋ ਗਏ।

"ਉਨ੍ਹਾਂ ਵੱਲੋਂ ਪੈਦਾ ਕੀਤੀ ਗਈ ਚਿੰਗਾਰੀ ਅੱਜ ਵੀ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)