ਜਦੋਂ ਦੋਵੇਂ ਦੋਸਤ ਬਣੇ ਤਾਂ ਜਾਣਦੇ ਨਹੀਂ ਸਨ ਕਿ ਅਸਲ ਵਿੱਚ ਉਹ ਸਕੇ ਭੈਣ-ਭਰਾ ਹਨ

- ਲੇਖਕ, ਰੋਵਨ ਬ੍ਰਿਜ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਡੇਵ ਗ੍ਰੀਨ ਅਤੇ ਐਂਡ੍ਰੀਆ ਅਰਮਸਟਨ ਨੇ ਮਹਿਸੂਸ ਕੀਤਾ ਕਿ ਮੈਨਚੈਸਟਰ ਏਅਰਪੋਰਟ 'ਤੇ ਵੱਖ-ਵੱਖ ਅਹੁਦੇ 'ਤੇ ਕੰਮ ਕਰਦਿਆਂ ਜਦੋਂ ਉਹ ਪਹਿਲੀ ਵਾਰ ਮਿਲੇ ਤਾਂ ਦੋਹਾਂ ਦੀ ਆਪਸ ਵਿੱਚ ਬਹੁਤ ਚੰਗੀ ਬਣੀ।
ਦੋਵੇਂ ਅਜਨਬੀ ਬਿਨਾਂ ਕਹੇ ਇੱਕ-ਦੂਜੇ ਦੀ ਗੱਲ ਤੱਕ ਪੂਰੀ ਕਰ ਦਿੰਦੇ ਸੀ ਅਤੇ ਜਦੋਂ ਸੱਚਾਈ ਪਤਾ ਲੱਗੀ ਤਾਂ ਉਨ੍ਹਾਂ ਨੂੰ ਇਸ ਪਿੱਛੇ ਦੀ ਵਜ੍ਹਾ ਸਮਝ ਆਈ।
ਡੇਵ ਅਸਲ ਵਿੱਚ ਐਂਡ੍ਰੀਆ ਦੇ ਸਕੇ ਭਰਾ ਸਨ, ਜਿਨ੍ਹਾਂ ਨੂੰ ਕਿਸੇ ਦੂਜੇ ਪਰਿਵਾਰ ਨੇ ਬਚਪਨ ਵਿੱਚ ਹੀ ਗੋਦ ਲੈ ਲਿਆ ਸੀ।
ਐਂਡ੍ਰੀਆ ਨੇ ਬੀਬੀਸੀ ਨੂੰ ਦੱਸਿਆ, "ਮੈਂ ਕੰਬ ਰਹੀ ਸੀ, ਮੇਰਾ ਦਿਲ ਬਹੁਤ ਤੇਜ਼ ਧੜਕ ਰਿਹਾ ਸੀ। ਆਖ਼ਿਰਕਾਰ ਮੈਨੂੰ ਉਹ ਮਿਲ ਗਿਆ। ਇਸ 'ਤੇ ਯਕੀਨ ਕਰਨਾ ਮੁਸ਼ਕਿਲ ਹੈ।"
ਸਾਲ 2005 ਵਿੱਚ ਡੇਵ ਹਵਾਈ ਅੱਡੇ ਦੇ ਬੱਸ ਸਟੇਸ਼ਨ ਦੇ ਮੈਨੇਜਰ ਸਨ ਜਦੋਂਕਿ ਐਂਡ੍ਰੀਆ ਉੱਥੇ ਲੱਗੀਆਂ ਵੈਂਡਿੰਗ ਮਸ਼ੀਨਾਂ ਦੀ ਦੇਖਭਾਲ ਕਰਦੇ ਸਨ।
ਅਗਲੇ ਦੋ ਸਾਲਾਂ ਵਿੱਚ ਦੋਵੇਂ ਬਹੁਤ ਕਰੀਬੀ ਦੋਸਤ ਬਣ ਗਏ। ਕੰਮ ਤੋਂ ਬਾਅਦ ਵੀ ਉਹ ਇੱਕ-ਦੂਜੇ ਨੂੰ ਫ਼ੋਨ ਕਰਦੇ ਅਤੇ ਮੈਸੇਜ ਭੇਜਦੇ ਰਹਿੰਦੇ ਸਨ।
ਜਦੋਂ ਡੇਵ ਦੀ ਗੱਲ ਸੁਣ ਐਂਡ੍ਰੀਆ ਸੁੰਨ ਹੋ ਗਈ...

ਇੱਕ ਦਿਨ ਫ਼ੋਨ 'ਤੇ ਗੱਲਬਾਤ ਦੌਰਾਨ ਡੇਵ ਨੇ ਐਂਡ੍ਰੀਆ ਨੂੰ ਆਪਣੀ ਜ਼ਿੰਦਗੀ ਦੀ ਇੱਕ ਅਜਿਹੀ ਗੱਲ ਦੱਸੀ, ਜਿਸ ਬਾਰੇ ਉਨ੍ਹਾਂ ਨੇ ਪਹਿਲਾਂ ਕਦੇ ਜ਼ਿਕਰ ਨਹੀਂ ਕੀਤਾ ਸੀ। ਡੇਵ ਨੇ ਦੱਸਿਆ ਕਿ ਉਸ ਨੂੰ ਗੋਦ ਲਿਆ ਗਿਆ ਸੀ ਅਤੇ ਉਸ ਦਾ ਜਨਮ ਸਮੇਂ ਦਾ ਨਾਮ ਸਟੂਅਰਟ ਪ੍ਰਾਊਡਲਵ ਸੀ।
ਐਂਡ੍ਰੀਆ ਨੇ ਕਿਹਾ, "ਮੈਂ ਇੱਕ ਪਲ ਲਈ ਸੁੰਨ ਰਹਿ ਗਈ। ਲਗਭਗ ਇੱਕ ਮਿੰਟ ਤੱਕ ਮੇਰੇ ਮੂੰਹੋਂ ਕੋਈ ਸ਼ਬਦ ਨਹੀਂ ਨਿਕਲਿਆ।"
ਐਂਡ੍ਰੀਆ ਦਾ ਵਿਆਹ ਤੋਂ ਪਹਿਲਾਂ ਦਾ ਨਾਂਅ ਵੀ ਪ੍ਰਾਊਡਲਵ ਸੀ ਅਤੇ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦਾ ਇੱਕ ਭਰਾ ਸੀ, ਜਿਸ ਨੂੰ ਉਨ੍ਹਾਂ ਦੇ ਜਨਮ ਤੋਂ ਪਹਿਲਾਂ ਹੀ ਗੋਦ ਦੇ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ, "ਇਹ ਕੋਈ ਜ਼ਿਆਦਾ ਪ੍ਰਚਲਿਤ ਨਾਂਅ ਨਹੀਂ ਹੈ। ਇਹ ਉਹੀ ਹੋ ਸਕਦਾ ਸੀ। ਆਪਣੇ ਪਰਿਵਾਰ ਤੋਂ ਇਲਾਵਾ ਮੈਂ ਕਿਸੇ ਹੋਰ ਦਾ ਕਦੇ ਇਹ ਨਾਂਅ ਨਹੀਂ ਸੁਣਿਆ ਸੀ।"
ਐਂਡ੍ਰੀਆ ਨੇ ਤੁਰੰਤ ਆਪਣੀ ਮਾਂ ਸੂਜ਼ਨ ਨੂੰ ਫੋਨ ਕਰਕੇ ਆਪਣੇ ਲੰਮੇ ਸਮੇਂ ਤੋਂ ਵਿਛੜੇ ਭਰਾ ਦੀ ਜਨਮ ਤਰੀਕ ਪੁੱਛੀ। ਤਰੀਕ ਉਹੀ ਸੀ- 24 ਮਾਰਚ 1966।
ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਡੇਵ ਨੂੰ ਮੁੜ ਫ਼ੋਨ ਕੀਤਾ।
ਐਂਡ੍ਰੀਆ ਨੇ ਕਿਹਾ, "ਮੈਂ ਉਨ੍ਹਾਂ ਨੂੰ ਕਿਹਾ, 'ਇਹ ਤੁਸੀਂ ਹੀ ਹੋ ਸਕਦੇ ਹੋ, ਇਹ ਤੁਸੀਂ ਹੀ ਹੋ। ਮੈਨੂੰ ਤੁਹਾਨੂੰ ਤੁਰੰਤ ਮਿਲਣਾ ਹੈ।' ਫਿਰ ਮੈਂ ਖ਼ੁਦ ਡੇਵ ਨੂੰ ਲੈਣ ਚਲੀ ਗਈ।"
ਅਣਜਾਨੇ 'ਚ ਕਈ ਸਾਲ ਆਪਣੇ ਸਕੇ ਪਰਿਵਾਰ ਲਾਗੇ ਰਹੇ ਡੇਵ

ਜਦੋਂ ਦੋਵੇਂ ਕਾਰ ਰਾਹੀਂ ਆਪਣੀ ਮਾਂ ਦੇ ਘਰ ਜਾ ਰਹੇ ਸਨ ਤਾਂ ਡੇਵ ਨੂੰ ਅਚਾਨਕ ਅਹਿਸਾਸ ਹੋਇਆ ਕਿ ਉਹ ਕਿੱਥੇ ਪਹੁੰਚ ਗਏ ਹਨ।
ਉਹ ਉਸੇ ਬੱਸ ਰੂਟ ਤੋਂ ਲੰਘ ਰਹੇ ਸਨ, ਜਿਸ 'ਤੇ ਡੇਵ ਮੈਨੇਜਰ ਬਣਨ ਤੋਂ ਪਹਿਲਾਂ ਬੱਸ ਚਲਾਉਣ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਨਿਭਾਉਂਦੇ ਸਨ।
ਡੇਵ ਦਾ ਪੁਰਾਣਾ ਰੂਟ ਉਨ੍ਹਾਂ ਦੀ ਜਨਮ ਦੇਣ ਵਾਲੀ ਮਾਂ ਦੇ ਘਰ ਅਤੇ ਉਸੇ ਸਕੂਲ ਦੇ ਸਾਹਮਣੇ ਤੋਂ ਲੰਘਦਾ ਸੀ, ਜਿੱਥੇ ਐਂਡ੍ਰੀਆ ਪੜ੍ਹਦੀ ਸੀ।
ਅਣਜਾਣੇ ਵਿੱਚ ਹੀ ਉਹ ਸਾਲਾਂ ਤੱਕ ਆਪਣੇ ਸਕੇ ਪਰਿਵਾਰ ਦੇ ਬਿਲਕੁੱਲ ਨੇੜੇ ਰਹਿੰਦਾ ਰਿਹਾ, ਪਰ ਉਸ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਸੀ।
ਡੇਵ ਦੀ ਮਾਂ ਸੂਜ਼ਨ ਨੇ ਕਿਹਾ ਕਿ ਇੰਨੇ ਸਾਲਾਂ ਬਾਅਦ ਆਪਣੇ ਪੁੱਤਰ ਨਾਲ ਮਿਲਣਾ ਇੱਕ ਅਜਿਹਾ ਅਨੁਭਵ ਸੀ ਜਿਸ 'ਤੇ ਵਿਸ਼ਵਾਸ ਨਹੀਂ ਹੋ ਪਾ ਰਿਹਾ ਸੀ।
ਐਂਡ੍ਰੀਆ ਨੇ ਕਿਹਾ, "ਉਸ ਵੇਲੇ ਸਭ ਦੀਆਂ ਅੱਖਾਂ ਵਿੱਚ ਹੰਝੂ ਸਨ। ਫਿਰ ਅਸੀਂ ਸਾਰੇ ਇੱਕ-ਦੂਜੇ ਨੂੰ ਗਲੇ ਮਿਲੇ।"
ਉਨ੍ਹਾਂ ਨੇ ਅੱਗੇ ਕਿਹਾ, "ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਮੈਂ ਆਪਣੇ ਭਰਾ ਅਤੇ ਆਪਣੀ ਮਾਂ ਨੂੰ ਮੁੜ ਮਿਲਾ ਦਿੱਤਾ ਹੈ। ਇਹ ਪਲ ਬੇਹੱਦ ਖ਼ਾਸ ਸੀ।"
ਐਂਡ੍ਰੀਆ ਨੇ ਦੱਸਿਆ ਕਿ ਜਦੋਂ ਉਹ ਛੋਟੇ ਸਨ ਤਾਂ ਉਨ੍ਹਾਂ ਦੀ ਮਾਂ ਨੇ ਦੱਸਿਆ ਸੀ ਕਿ ਉਸ ਦਾ ਇੱਕ ਭਰਾ ਹੈ।
ਉਨ੍ਹਾਂ ਦੀ ਮਾਂ ਨੇ ਦੱਸਿਆ ਸੀ ਕਿ ਉਸ ਦੇ ਭਰਾ ਨੂੰ ਗੋਦ ਦੇ ਦਿੱਤਾ ਗਿਆ ਸੀ ਅਤੇ ਉਹ ਇੱਕ ਅਜਿਹੀ ਔਰਤ ਕੋਲ ਪਲ ਰਿਹਾ ਹੈ, ਜਿਸ ਦੇ ਆਪਣੇ ਬੱਚੇ ਨਹੀਂ ਸਨ।
ਐਂਡ੍ਰੀਆ ਨੇ ਕਿਹਾ, "ਉਸ ਵੇਲੇ ਮੇਰਾ ਤੁਰੰਤ ਮਨ ਕੀਤਾ ਕਿ ਮੈਂ ਉਸ ਨੂੰ ਲੱਭ ਕੇ ਲਿਆਵਾਂ ਤਾਂ ਜੋ ਅਸੀਂ ਇਕੱਠੇ ਖੇਡ ਸਕੀਏ।"

ਸੂਜ਼ਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਲੱਭਣ ਲਈ ਸੈਲਵੇਸ਼ਨ ਆਰਮੀ ਦੀ ਮਦਦ ਵੀ ਲਈ ਸੀ ਪਰ ਕੋਈ ਸਫ਼ਲਤਾ ਨਹੀਂ ਮਿਲੀ।
ਐਂਡ੍ਰੀਆ ਨੇ ਕਿਹਾ, "ਮੈਂ ਮਾਂ ਨੂੰ ਪੁੱਛਿਆ ਸੀ ਕਿ ਕੀ ਅਸੀਂ ਉਸ ਨੂੰ ਵਾਪਸ ਨਹੀਂ ਲਿਆ ਸਕਦੇ ? ਮਾਂ ਨੇ ਸਮਝਾਇਆ ਕਿ ਅਜਿਹਾ ਨਹੀਂ ਹੋ ਸਕਦਾ। ਉਸ ਵੇਲੇ ਮੈਂ ਮਾਂ ਨਾਲ ਵਾਅਦਾ ਕੀਤਾ ਸੀ ਕਿ ਇੱਕ ਦਿਨ ਮੈਂ ਆਪਣੇ ਭਰਾ ਨੂੰ ਜ਼ਰੂਰ ਲੱਭ ਲਵਾਂਗੀ।"
ਹੁਣ ਆਖਿਰਕਾਰ ਦੋਵੇਂ ਭੈਣ-ਭਰਾ ਮਿਲ ਚੁੱਕੇ ਹਨ।
ਐਂਡ੍ਰੀਆ ਨੇ ਕਿਹਾ, "ਜਦੋਂ ਤੋਂ ਮੈਂ ਹੋਸ਼ ਸੰਭਾਲਿਆ ਹੈ ਉਦੋਂ ਤੋਂ ਇਹ ਜਾਣਿਆ ਕਿ ਮਾਂ ਦੀ ਇਹੀ ਇੱਛਾ ਸੀ।"
ਉਨ੍ਹਾਂ ਨੇ ਅੱਗੇ ਕਿਹਾ, " ਮੈਂ ਮਾਂ ਦੀ ਉਹ ਇੱਛਾ ਪੂਰੀ ਕਰ ਦਿੱਤੀ। ਮੈਂ ਉਨ੍ਹਾਂ ਨਾਲ ਕੀਤਾ ਵਾਅਦਾ ਨਿਭਾਇਆ।"
ਸੂਜ਼ਨ ਦੇ ਘਰ ਦੀ ਦੀਵਾਰ 'ਤੇ ਡੇਵ ਦੀ ਬਚਪਨ ਦੀ ਇੱਕ ਤਸਵੀਰ ਰੱਖੀ ਹੋਈ ਸੀ। ਇਹ ਤਸਵੀਰ ਡੇਵ ਨੂੰ ਗੋਦ ਲੈਣ ਵਾਲੇ ਮਾਪਿਆਂ ਨੇ ਕੁਝ ਦਿਨਾਂ ਬਾਅਦ ਉਸ ਦੀ ਸਗੀ ਮਾਂ ਨੂੰ ਭੇਜੀ ਸੀ। ਇਹੀ ਤਸਵੀਰ ਡੇਵ ਦੇ ਗੋਦ ਲੈਣ ਵਾਲੇ ਮਾਪਿਆਂ ਦੇ ਘਰ ਵਿੱਚ ਵੀ ਸਜਾਈ ਗਈ ਸੀ।
ਡੇਵ ਨੂੰ ਇਸ ਬਾਰੇ 10 ਸਾਲ ਦੀ ਉਮਰ ਤੋਂ ਹੀ ਪਤਾ ਸੀ ਕਿਉਂਕਿ ਗੋਦ ਲੈਣ ਵਾਲੇ ਮਾਪਿਆਂ ਨੇ ਉਨ੍ਹਾਂ ਨੂੰ ਸਾਰੇ ਦਸਤਾਵੇਜ਼ ਦਿਖਾਏ ਸਨ।
ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਬਚਪਨ ਬਹੁਤ ਖੁਸ਼ਹਾਲ ਰਿਹਾ ਅਤੇ ਉਨ੍ਹਾਂ ਨੂੰ ਕਦੇ ਵੀ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਲੱਭਣ ਦੀ ਖ਼ਾਸ ਇੱਛਾ ਮਹਿਸੂਸ ਨਹੀਂ ਹੋਈ।
ਡੇਵ ਨੇ ਕਿਹਾ, "ਮੈਨੂੰ ਕਦੇ ਨਹੀਂ ਲੱਗਿਆ ਕਿ ਮੈਨੂੰ ਕਿਸੇ ਨੂੰ ਲੱਭਣ ਦੀ ਲੋੜ ਹੈ ਜਾਂ ਮੇਰੇ ਮਨ ਵਿੱਚ ਕੋਈ ਅਜਿਹਾ ਸਵਾਲ ਹੈ ਜਿਸ ਦਾ ਜਵਾਬ ਨਹੀਂ ਮਿਲਿਆ।"
'ਇੰਝ ਲੱਗਾ ਜਿਵੇਂ ਲਾਟਰੀ ਲੱਗ ਗਈ'

ਤਿੰਨਾਂ ਲਈ ਇੱਕ-ਦੂਜੇ ਨੂੰ ਲੱਭਣਾ, ਜ਼ਿੰਦਗੀ ਬਦਲ ਦੇਣ ਵਾਲਾ ਅਨੁਭਵ ਸੀ।
ਡੇਵ ਨੇ ਕਿਹਾ, "ਉਸ ਸਮੇਂ ਮੇਰੀ ਜ਼ਿੰਦਗੀ ਵਿੱਚ ਬਹੁਤ ਘੱਟ ਖੁਸ਼ੀ ਸੀ। ਫਿਰ ਮੈਨੂੰ ਪਤਾ ਲੱਗਾ ਕਿ ਮੇਰੀ ਸਭ ਤੋਂ ਚੰਗੀ ਦੋਸਤ ਹੀ ਮੇਰੀ ਭੈਣ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਮੈਨੂੰ ਆਪਣੀ ਜਨਮ ਦੇਣ ਵਾਲੀ ਮਾਂ ਮਿਲ ਗਈ, ਜਿਨ੍ਹਾਂ ਨੂੰ ਮੈਂ ਵਾਕਈ ਖੁਸ਼ ਕਰ ਸਕਿਆ। ਨਾਲ ਹੀ ਮੈਨੂੰ ਇੱਕ ਅਜਿਹਾ ਪਰਿਵਾਰ ਮਿਲਿਆ, ਜਿਸ ਦੀ ਮੌਜੂਦਗੀ ਬਾਰੇ ਮੈਨੂੰ ਕਦੇ ਪਤਾ ਹੀ ਨਹੀਂ ਸੀ।"
ਉਨ੍ਹਾਂ ਦੀ ਮਾਂ ਸੂਜ਼ਨ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਪਰ ਦੋਵੇਂ ਭੈਣ-ਭਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਮਾਂ ਆਪਣੇ ਪੁੱਤਰ ਨਾਲ ਮੁੜ ਮਿਲ ਸਕੀ।
ਐਂਡ੍ਰੀਆ ਨੇ ਆਪਣੇ ਭਰਾ ਨੂੰ ਕਿਹਾ, "ਮਾਂ ਇਹ ਜਾਨਣ ਲਈ ਬੇਚੈਨ ਸੀ ਕਿ ਉਨ੍ਹਾਂ ਦੇ ਬੇਟੇ ਨੇ ਚੰਗੀ ਜ਼ਿੰਦਗੀ ਗੁਜ਼ਾਰੀ ਕਿ ਨਹੀਂ।"
ਐਂਡ੍ਰੀਆ ਲਈ ਇਹ ਮਿਲਾਪ ਖੁਸ਼ੀ ਅਤੇ ਦਰਦ ਦੋਹਾਂ ਦਾ ਮਿਲਿਆ-ਜੁਲਿਆ ਅਨੁਭਵ ਸੀ। ਉਹ ਕਈ ਸਾਲਾਂ ਤੋਂ ਆਪਣੇ ਭਰਾ ਨੂੰ ਲੱਭਣਾ ਚਾਹੁੰਦੇ ਸਨ।
ਉਨ੍ਹਾਂ ਨੇ ਕਿਹਾ, "ਬਦਕਿਸਮਤੀ ਨਾਲ ਮੇਰੇ ਮਾਤਾ-ਪਿਤਾ ਵੱਖ ਹੋ ਗਏ ਸਨ। ਮੈਂ ਬਹੁਤ ਔਖਾ ਸਮਾਂ ਦੇਖਿਆ। ਮੈਨੂੰ ਪਤਾ ਸੀ ਕਿ ਡੇਵ ਕਿਤੇ ਨਾ ਕਿਤੇ ਹੈ, ਪਰ ਇਹ ਨਹੀਂ ਪਤਾ ਸੀ ਕਿ ਉਹ ਕਿੱਥੇ ਹੈ।"
ਦੋਹਾਂ ਨੇ ਦੱਸਿਆ ਕਿ ਹੁਣ ਉਹ ਸਟੈਫਰਡਸ਼ਾਇਰ ਦੇ ਕਿਡਜ਼ਗਰੋਵ ਵਿੱਚ ਇੱਕੋ ਘਰ ਵਿੱਚ ਰਹਿ ਰਹੇ ਹਨ ਅਤੇ ਇਕੱਠੇ ਬਿਤਾਏ ਹਰ ਪਲ ਦਾ ਪੂਰਾ ਆਨੰਦ ਮਾਣ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਇੱਕ-ਦੂਜੇ ਨੂੰ ਲੱਭਣਾ ਉਨ੍ਹਾਂ ਲਈ "ਲਾਟਰੀ ਨਿਕਲਣ ਵਰਗਾ" ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ




















