ਲੰਡਨ ਵਿੱਚ 24 ਸਾਲਾ ਪੰਜਾਬੀ ਮਹਿਲਾ ਦਾ ਚਾਕੂ ਮਾਰ ਕੇ ਕਤਲ, ਮੁਲਜ਼ਮ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਕੇਸ ਬਾਰੇ ਕੀ ਕੁਝ ਦੱਸਿਆ

ਲੰਡਨ ਵਿੱਚ ਇੱਕ ਪੰਜਾਬੀ ਮਹਿਲਾ ਨੂੰ ਚਾਕੂ ਮਾਰ ਕੇ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਵੈਸਟ ਲੰਡਨ ਦੇ ਹੇਅਸ ਵਿੱਚ ਵਾਪਰੀ।
ਮੈਟਰੋਪੌਲੀਟਨ ਪੁਲਿਸ ਨੇ ਦੱਸਿਆ ਕਿ ਐਤਵਾਰ ਸਵੇਰੇ ਅੱਠ ਵਜੇ ਤੋਂ ਪਹਿਲਾਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਜਦੋਂ ਉਹ ਹੇਅਸ ਦੇ ਯੂਕਸਬ੍ਰਿਜ ਰੋਡ ਸਥਿਤ ਘਰ ਵਿੱਚ ਪਹੁੰਚੇ ਤਾਂ ਚਾਕੂ ਹਮਲੇ ਦਾ ਸ਼ਿਕਾਰ ਹੋਈ ਕਿਰਨਦੀਪ ਕੌਰ ਮਿਲੀ। ਐਮਰਜੈਂਸੀ ਸੇਵਾ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਿਰਨਦੀਪ ਕੌਰ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਮੁਤਾਬਕ ਘਰ ਦੇ ਬਾਹਰ ਚਾਕੂ ਨਾਲ ਹੀ ਜ਼ਖਮੀ ਹੋਇਆ ਵੀਹ ਸਾਲਾ ਨੌਜਵਾਨ ਵੀ ਮਿਲਿਆ, ਜਿਸ ਨੂੰ ਹਸਪਤਾਲ ਵਿੱਚ ਭੇਜਿਆ ਗਿਆ ਅਤੇ ਉਸ ਦੀ ਹਾਲਤ ਸਥਿਰ ਦੱਸੀ ਗਈ ਹੈ।
ਪੰਜਾਬ ਰਹਿੰਦੇ ਮ੍ਰਿਤਕ ਕੁੜੀ ਦੇ ਪਰਿਵਾਰ ਦੀ ਅਪੀਲ
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਦੀ ਜਾਣਕਾਰੀ ਮੁਤਾਬਕ, ਮ੍ਰਿਤਕ ਮਹਿਲਾ ਕਿਰਨਦੀਪ ਕੌਰ ਦੀ ਉਮਰ ਤਕਰੀਬਨ 24 ਸਾਲ ਸੀ ਅਤੇ ਉਹ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪਿੱਦੀ ਨਾਲ ਸਬੰਧ ਰੱਖਦੀ ਸੀ।
ਪਰਿਵਾਰ ਨੇ ਦੱਸਿਆ ਕਿ ਕਿਰਨਦੀਪ ਦੋ ਸਾਲ ਪਹਿਲਾਂ ਸਟੂਡੈਂਟ ਵੀਜ਼ਾ 'ਤੇ ਯੂ.ਕੇ. ਗਈ ਸੀ ਅਤੇ ਹੁਣ ਵਰਕ ਪਰਮਿਟ ਮਿਲਣ ਬਾਅਦ ਉੱਥੇ ਰਹਿ ਰਹੀ ਸੀ।
ਕਿਰਨਦੀਪ ਕੌਰ ਦੇ ਪਿਤਾ ਸੁਖਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਜ਼ਮੀਨ ਵੇਚ ਕੇ ਕਿਰਨਦੀਪ ਕੌਰ ਨੂੰ ਵਿਦੇਸ਼ ਭੇਜਿਆ ਸੀ ਤਾਂ ਕਿ ਉਸ ਦਾ ਭਵਿੱਖ ਸੁਨਿਹਰੀ ਹੋ ਸਕੇ।
ਕਿਰਨਦੀਪ ਕੌਰ ਦੀ ਮਾਂ ਬਲਜੀਤ ਕੌਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਰਨਦੀਪ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਵਿਚ ਉਨ੍ਹਾਂ ਦੀ ਮਦਦ ਕਰਨ ਤਾਂ ਜੋ ਰੀਤੀ ਰਿਵਾਜਾਂ ਨਾਲ ਉਸ ਦਾ ਅੰਤਿਮ ਸਸਕਾਰ ਕੀਤਾ ਜਾ ਸਕੇ।
ਕਿਰਨਦੀਪ ਦੇ ਪਰਿਵਾਰ ਵਿੱਚ ਉਸ ਦੇ ਮਾਪਿਆਂ ਤੋਂ ਇਲਾਵਾ, ਇੱਕ ਭੈਣ ਅਤੇ ਦੋ ਭਰਾ ਹਨ ਜੋ ਲੰਡਨ ਵਿੱਚ ਹੋਏ ਉਸ ਦੇ ਕਤਲ ਦੀ ਖ਼ਬਰ ਸੁਣ ਕੇ ਸਦਮੇ ਵਿੱਚ ਹਨ।
ਮੁਲਜ਼ਮ ਗ੍ਰਿਫ਼ਤਾਰ, ਪੁਲਿਸ ਨੇ ਕੀ ਦੱਸਿਆ

ਤਸਵੀਰ ਸਰੋਤ, PA Media
ਨਿਊਜ਼ ਏਜੰਸੀ ਪੀਟੀਆ ਮੁਤਾਬਕ, ਮਾਮਲੇ ਵਿਚ ਪੁਲਿਸ ਨੇ 44 ਸਾਲਾ ਡੇਨੀਅਲ ਸੀਨ ਜੇਮਜ਼ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਨੂੰ ਮੰਗਲਵਾਰ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ। ਉਸ 'ਤੇ ਕਤਲ ਅਤੇ ਚਾਕੂ ਰੱਖਣ ਦੇ ਇਲਜ਼ਾਮ ਲਗਾਏ ਗਏ ਹਨ।
ਪੁਲਿਸ ਨੇ ਦੱਸਿਆ ਕਿ ਬਹੁਤ ਜਲਦੀ ਡੇਨੀਅਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਗ੍ਰਿਫ਼ਤਾਰ ਕਰਨ ਬਾਅਦ ਉਸ ਨੂੰ ਵੀ ਹਸਪਤਾਲ ਲਿਜਾਂਦਾ ਗਿਆ ਸੀ ਕਿਉਂਕਿ ਉਹ ਵੀ ਜ਼ਖਮੀ ਸੀ, ਸ਼ਾਇਦ ਉਹ ਜ਼ਖ਼ਮ ਘਰ ਦੀ ਖਿੜਕੀ ਵਿੱਚੋਂ ਛਾਲ ਮਾਰਨ ਦੌਰਾਨ ਆਏ ਹੋ ਸਕਦੇ ਹਨ।
ਡਿਟੈਕਟਿਵ ਚੀਫ਼ ਇੰਸਪੈਕਟਰ ਆਲਮ ਭੰਗੂ ਨੇ ਕਿਹਾ, "ਇਹ ਇੱਕ ਸਦਮਾ ਦੇਣ ਵਾਲੀ ਘਟਨਾ ਹੈ ਜਿਸ ਵਿੱਚ ਦੁਖਦਾਈ ਤਰੀਕੇ ਨਾਲ ਇੱਕ ਔਰਤ ਦੀ ਜਾਨ ਚਲੀ ਗਈ ਅਤੇ ਇੱਕ ਆਦਮੀ ਜ਼ਖਮੀ ਹਾਲਤ ਵਿੱਚ ਹਸਪਤਾਲ 'ਚ ਹੈ।"
ਭੰਗੂ ਨੇ ਦੱਸਿਆ ਕਿ ਪੀੜਤਾਂ ਦੇ ਆਪਣਿਆਂ ਨੂੰ ਸਪੈਸ਼ਲਿਸਟ ਅਫਸਰਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਨਾਲ ਹੀ ਇੰਸਪੈਕਟਰ ਆਲਮ ਭੰਗੂ ਨੇ ਅਪੀਲ ਕੀਤੀ ਕਿ ਜੇ ਕਿਸੇ ਨੂੰ ਵੀ ਘਟਨਾ ਬਾਰੇ ਕੁਝ ਦੇਖਿਆ ਹੈ ਜਾਂ ਕੋਈ ਜਾਣਕਾਰੀ ਹੈ ਜੋ ਕੇਸ ਦੀ ਜਾਂਚ ਵਿੱਚ ਮਦਦਗਾਰ ਹੋ ਸਕਦੀ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰਨ।
ਉਨ੍ਹਾਂ ਕਿਹਾ, "ਅਸੀਂ ਜਣਦੇ ਹਾਂ ਇਸ ਘਟਨਾ ਨਾਲ ਭਾਈਚਾਰਾ ਚਿੰਤਤ ਹੋਏਗਾ ਅਤੇ ਇਲਾਕੇ ਦੇ ਲੋਕ ਆਉਣ ਵਾਲੇ ਦਿਨਾਂ ਵਿੱਚ ਉੱਥੇ ਪੁਲਿਸ ਦੀ ਮੌਜੂਦਗੀ ਵਧਣ ਦੀ ਉਮੀਦ ਕਰ ਸਕਦੇ ਹਨ।"
ਕਤਲ ਦੇ ਕਾਰਨਾਂ ਬਾਰੇ ਅਜੇ ਨਹੀਂ ਲੱਗਿਆ ਪਤਾ

ਤਸਵੀਰ ਸਰੋਤ, PA Media
ਮਾਮਲੇ ਵਿੱਚ ਜਾਂਚ ਹਾਲੇ ਸ਼ੁਰੂਆਤੀ ਪੜਾਅ ਵਿੱਚ ਹੈ ਕਤਲ ਦੇ ਕਾਰਨਾਂ ਬਾਰੇ ਅਜੇ ਪੁਲਿਸ ਨੇ ਕੁਝ ਨਹੀਂ ਦੱਸਿਆ ਹੈ ਪਰ ਪੀਟੀਆਈ ਮੁਤਾਬਕ, ਕੁਝ ਸੰਗਠਨਾਂ ਨੇ ਇਸ ਹਮਲੇ ਨੂੰ ਸਿੱਖ ਖ਼ਿਲਾਫ਼ ਨਸਲੀ ਨਫ਼ਰਤ ਤੋਂ ਪ੍ਰੇਰਿਤ ਹੋਣ ਦਾ ਖ਼ਦਸ਼ਾ ਜਤਾਇਆ ਹੈ।
ਦੱਸ ਦੇਈਏ ਕਿ ਕੁਝ ਹਫਤੇ ਪਹਿਲਾਂ ਹੀ ਇੱਕ ਬ੍ਰਿਟਿਸ਼ ਸਿੱਖ ਨੌਜਵਾਨ ਵਿਕਰਮ ਦਿਗਵਾ ਨੂੰ ਦੱਖਣ-ਪੂਰਬ ਇੰਗਲੈਂਡ ਵਿੱਚ ਇੱਕ ਨੌਜਵਾਨ ਹੈਨਰੀ ਨੋਵਾਕ ਦੇ ਕਤਲ ਦੇ ਇਲਜ਼ਾਮ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਮੁਕੱਦਮੇ ਦੌਰਾਨ ਦਿਗਵਾ ਨੇ ਕਤਲ ਵਿੱਚ ਵਰਤੇ ਹਥਿਆਰ ਲਈ ਜਿਸ ਦਲੀਲ ਦੀ ਵਰਤੋਂ ਕੀਤੀ ਗਈ ਜੋ ਕਿ ਅਦਾਲਤ ਵਲੋਂ ਝੂਠੀ ਪਾਈ ਗਈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

















