ਗੁਜਰਾਤ: ਮਹਾਤਮਾ ਗਾਂਧੀ ਦੇ ਸ਼ਹਿਰ ਪੋਰਬੰਦਰ 'ਚ ਪਹਿਲੀ ਵਾਰ ਸ਼ਰਾਬ ਦੀ ਦੁਕਾਨ ਨੂੰ ਮਨਜ਼ੂਰੀ, ਗਾਂਧੀਵਾਦੀਆਂ ਤੇ ਸਥਾਨਕ ਲੋਕਾਂ ਨੇ ਕੀ ਕਿਹਾ ?

ਗੁਜਰਾਤ ਸਰਕਾਰ ਵੱਲੋਂ ਜਾਰੀ ਵਿਜ਼ੀਟਰ ਲਾਈਸੈਂਸ ਦੀ ਫਾਈਲ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਜ਼ੀਟਰਸ ਲਾਈਸੈਂਸ, ਜੋ ਤੁਹਾਨੂੰ ਗੁਜਰਾਤ ਦੀ ਸਰਹੱਦ ਅੰਦਰ ਸ਼ਰਾਬ ਪੀਣ ਦੀ ਇਜਾਜ਼ਤ ਦਿੰਦਾ ਹੈ (ਫਾਈਲ ਫੋਟੋ)
    • ਲੇਖਕ, ਰਾਕਸੀ ਗਾਗਡੇਕਰ ਛਾਰਾ
    • ਰੋਲ, ਬੀਬੀਸੀ ਗੁਜਰਾਤੀ
  • ਪੜ੍ਹਨ ਦਾ ਸਮਾਂ: 7 ਮਿੰਟ

ਮਹਾਤਮਾ ਗਾਂਧੀ ਦੇ ਸ਼ਹਿਰ ਪੋਰਬੰਦਰ 'ਚ ਪਹਿਲੀ ਵਾਰ ਇੱਕ ਸ਼ਰਾਬ ਦੀ ਦੁਕਾਨ ਖੁੱਲ੍ਹ ਰਹੀ ਹੈ ਜਿੱਥੇ ਸਰਕਾਰੀ ਪਰਮਿਟ ਧਾਰਕ ਸ਼ਰਾਬ ਖਰੀਦ ਸਕਣਗੇ।

ਪੋਰਬੰਦਰ ਦੇ ਲਾਰਡਸ ਹੋਟਲ ਦੀ ਸ਼ਰਾਬ ਦੀ ਵਿਕਰੀ ਨਾਲ ਜੁੜੀ ਦੋ ਸਾਲ ਪੁਰਾਣੀ ਅਰਜ਼ੀ ਨੂੰ ਗੁਜਰਾਤ ਦੇ ਗ੍ਰਹਿ ਵਿਭਾਗ ਨੇ ਮਨਜ਼ੂਰੀ ਦੇ ਦਿੱਤੀ ਹੈ।

ਇਸ ਮਨਜ਼ੂਰੀ ਤੋਂ ਬਾਅਦ ਪੋਰਬੰਦਰ ਜ਼ਿਲ੍ਹੇ 'ਚ ਰਹਿਣ ਵਾਲੇ ਅਤੇ ਸ਼ਰਾਬ ਦਾ ਪਰਮਿਟ ਰੱਖਣ ਵਾਲੇ ਲੋਕ ਉੱਥੋਂ ਸ਼ਰਾਬ ਖਰੀਦ ਸਕਣਗੇ। ਗੁਜਰਾਤ 'ਚ ਸੈਲਾਨੀ, ਸਿਹਤ ਕਾਰਨਾਂ ਕਰਕੇ ਸ਼ਰਾਬ ਦਾ ਸੇਵਨ ਕਰਨ ਵਾਲੇ ਲੋਕਾਂ ਅਤੇ ਕਾਰਪੋਰੇਟ ਸਮਾਗਮਾਂ 'ਚ ਹਿੱਸਾ ਲੈਣ ਵਾਲਿਆਂ ਨੂੰ ਸੂਬੇ 'ਚ ਸ਼ਰਾਬ ਪੀਣ ਲਈ ਖਾਸ ਤਰ੍ਹਾਂ ਦੇ ਪਰਮਿਟ ਜਾਰੀ ਹੁੰਦੇ ਹਨ।

ਪੋਰਬੰਦਰ ਮਹਾਤਮਾ ਗਾਂਧੀ ਦੀ ਜਨਮ ਭੂਮੀ ਹੈ। ਉਹ ਸ਼ਰਾਬਬੰਦੀ ਦੇ ਹਮਾਇਤੀ ਸਨ ਅਤੇ ਉਨ੍ਹਾਂ ਦੇ ਵਿਚਾਰਾਂ ਦੀ ਪਾਲਣਾ ਕਰਦੇ ਹੋਏ ਗੁਜਰਾਤ 'ਚ ਸ਼ਰਾਬਬੰਦੀ ਕਾਨੂੰਨ ਲਾਗੂ ਕੀਤਾ ਗਿਆ ਸੀ।

ਕੁਝ ਲੋਕ ਇਸ ਨੂੰ "ਰੂਟੀਨ ਪ੍ਰਕਿਰਿਆ" ਦੱਸ ਰਹੇ ਹਨ ਤਾਂ ਕਈ ਲੋਕ ਇਸ ਤੋਂ ਨਰਾਜ਼ ਵੀ ਹਨ।

ਬੀਬੀਸੀ ਗੁਜਰਾਤੀ ਨੇ ਇਸ ਬਾਰੇ ਕਈ ਲੋਕਾਂ ਨਾਲ ਗੱਲ ਕੀਤੀ ਅਤੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਪੋਰਬੰਦਰ 'ਚ ਸ਼ਰਾਬ ਵੇਚਣ ਨੂੰ ਮਨਜ਼ੂਰੀ 'ਤੇ ਉਨ੍ਹਾਂ ਦੀ ਕੀ ਰਾਏ ਹੈ।

ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਗੁਜਰਾਤ ਦੇ ਵੱਖ-ਵੱਖ ਖੇਤਰਾਂ 'ਚ ਸ਼ਰਾਬ ਜ਼ਬਤ ਹੋਣ ਦੀਆਂ ਖ਼ਬਰਾਂ ਲਗਾਤਾਰ ਮੀਡੀਆ 'ਚ ਆ ਰਹੀਆਂ ਹਨ।

ਸੂਬਾ ਸਰਕਾਰ ਗੁਜਰਾਤ ਵਿਧਾਨ ਸਭਾ 'ਚ ਜ਼ਿਲ੍ਹੇਵਾਰ ਸ਼ਰਾਬ ਸਬੰਧੀ ਅੰਕੜੇ ਵੀ ਪੇਸ਼ ਕਰਦੀ ਹੈ। ਹਾਲ ਹੀ 'ਚ ਸੂਬਾ ਸਰਕਾਰ ਨੇ ਸਦਨ ਨੂੰ ਦੱਸਿਆ ਕਿ ਪਿਛਲੇ ਦੋ ਸਾਲਾਂ 'ਚ ਪੁਲਿਸ ਨੇ ਸੂਬੇ 'ਚ ਨਜਾਇਜ਼ ਢੰਗ ਨਾਲ ਵੇਚੀ ਜਾ ਰਹੀ ਕੁੱਲ 42 ਕਰੋੜ ਰੁਪਏ ਦੀ ਸ਼ਰਾਬ ਜ਼ਬਤ ਕੀਤੀ ਹੈ।

ਗੁਜਰਾਤ 'ਚ ਸ਼ਰਾਬ ਸਬੰਧੀ ਕਾਨੂੰਨ ਕੀ ਕਹਿੰਦਾ ਹੈ ?

ਨਜਾਇਜ਼ ਸ਼ਰਾਬ ਨੂੰ ਨਸ਼ਟ ਕੀਤੇ ਜਾਣ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੁਜਰਾਤ 'ਚ ਨਜਾਇਜ਼ ਤਰੀਕੇ ਨਾਲ ਵੇਚੀ ਜਾਣ ਵਾਲੀ ਸ਼ਰਾਬ ਨੂੰ ਜ਼ਬਤ ਕੀਤੇ ਜਾਣ ਤੋਂ ਬਾਅਦ ਨਸ਼ਟ ਕਰ ਦਿੱਤਾ ਜਾਂਦਾ ਹੈ

ਗੁਜਰਾਤ 'ਚ ਸ਼ਰਾਬਬੰਦੀ ਕਾਨੂੰਨ ਮੁੱਖ ਤੌਰ 'ਤੇ ਗੁਜਰਾਤ ਸ਼ਰਾਬਬੰਦੀ ਐਕਟ 1949 ਦੇ ਤਹਿਤ ਲਾਗੂ ਹੈ।

ਇਸ ਕਾਨੂੰਨ ਮੁਤਾਬਕ ਸੂਬੇ 'ਚ ਸ਼ਰਾਬ ਦਾ ਉਤਪਾਦਨ, ਵਿਕਰੀ, ਖਰੀਦ, ਭੰਡਾਰਨ, ਸਪਲਾਈ ਅਤੇ ਸੇਵਨ ਆਮ ਤੌਰ 'ਤੇ ਬੈਨ ਹੈ। ਸੂਬੇ 'ਚ ਸ਼ਰਾਬ ਦੀ ਵਿਕਰੀ ਅਤੇ ਸੇਵਨ ਲਈ ਸਰਕਾਰ ਲਾਈਸੈਂਸ, ਪਰਮਿਟ ਜਾਂ ਵਿਸ਼ੇਸ਼ ਇਜਾਜ਼ਤ ਜਾਰੀ ਕਰਦੀ ਹੈ।

ਇਸ ਕਾਨੂੰਨ ਦੀ ਧਾਰਾ 11 ਅਤੇ 12 ਮੁਤਾਬਕ, ਸ਼ਰਾਬ ਦੀ ਵਿਕਰੀ ਜਾਂ ਸੇਵਨ ਸਿਰਫ਼ ਕਾਨੂੰਨੀ ਇਜਾਜ਼ਤ ਦੇ ਆਧਾਰ 'ਤੇ ਹੀ ਕੀਤਾ ਜਾ ਸਕਦਾ ਹੈ।

ਯਾਨੀ ਗੁਜਰਾਤ 'ਚ ਸ਼ਰਾਬ ਦੀ ਪੂਰੀ ਤਰ੍ਹਾਂ ਖੁੱਲ੍ਹੇ ਤੌਰ 'ਤੇ ਵਿਕਰੀ ਦੀ ਇਜਾਜ਼ਤ ਨਹੀਂ ਹੈ ਪਰ ਕੁਝ ਖਾਸ ਵਰਗ ਦੇ ਲੋਕਾਂ ਲਈ ਇੱਕ ਨਿਯੰਤਰਿਤ ਪਰਮਿਟ ਦੀ ਵਿਵਸਥਾ ਕੀਤੀ ਗਈ ਹੈ।

ਗੁਜਰਾਤ 'ਚ ਸ਼ਰਾਬ ਦੀ ਪਰਮਿਟ ਸ਼ੌਪ ਇੱਕ ਕਾਨੂੰਨੀ ਦੁਕਾਨ ਹੁੰਦੀ ਹੈ ਜੋ ਆਮ ਤੌਰ 'ਤੇ ਕਿਸੇ ਹੋਟਲ 'ਚ ਹੁੰਦੀ ਹੈ ਜਿੱਥੇ ਸਿਰਫ਼ ਵੈਧ ਪਰਮਿਟ ਰੱਖਣ ਵਾਲੇ ਲੋਕਾਂ ਨੂੰ ਹੀ ਸ਼ਰਾਬ ਵੇਚੀ ਜਾ ਸਕਦੀ ਹੈ।

ਇਹ ਪਰਮਿਟ ਸੈਲਾਨੀਆਂ, ਵਿਦੇਸ਼ੀ ਨਾਗਰਿਕਾਂ, ਹੋਰਨਾਂ ਸੂਬਿਆਂ ਦੇ ਵਸਨੀਕਾਂ, ਹੈਲਥ ਪਰਮਿਟ ਰੱਖਣ ਵਾਲੇ ਲੋਕਾਂ ਜਾਂ ਖਾਸ ਮੌਕਿਆਂ ਲਈ ਇਜਾਜ਼ਤ ਹਾਸਲ ਕਰਨ ਵਾਲੇ ਲੋਕਾਂ ਨੂੰ ਦਿੱਤੇ ਜਾਂਦੇ ਹਨ।

ਕਾਨੂੰਨ ਮੁਤਾਬਕ, ਅਜਿਹੇ ਪਰਮਿਟ ਧਾਰਕ ਸਿਰਫ਼ ਇੱਕ ਤੈਅ ਮਾਤਰਾ 'ਚ ਹੀ ਸ਼ਰਾਬ ਖਰੀਦ ਅਤੇ ਇਸ ਦਾ ਸੇਵਨ ਕਰ ਸਕਦੇ ਹਨ।

ਪਰਮਿਟ ਵਾਲੀਆਂ ਦੁਕਾਨਾਂ ਨੂੰ ਸੂਬੇ ਦੇ ਗ੍ਰਹਿ ਵਿਭਾਗ ਜਾਂ ਐਕਸਾਈਜ਼ ਵਿਭਾਗ ਤੋਂ ਪ੍ਰਵਾਨਗੀ ਹਾਸਲ ਕਰਨਾ ਲਾਜ਼ਮੀ ਹੁੰਦਾ ਹੈ। ਇਹ ਕੋਈ ਆਮ ਖੁੱਲ੍ਹੀ ਸ਼ਰਾਬ ਦੀ ਦੁਕਾਨ ਨਹੀਂ ਹੁੰਦੀ ਬਲਕਿ ਇੱਕ ਨਿਯੰਤਰਿਤ ਵਿਕਰੀ ਕੇਂਦਰ ਦੇ ਤੌਰ 'ਤੇ ਕੰਮ ਕਰਦੀ ਹੈ।

ਪੋਰਬੰਦਰ ਦੇ ਪਰਮਿਟ ਸ਼ੌਪ ਦੇ ਮਾਲਕ ਕੀ ਕਹਿੰਦੇ ਹਨ ?

ਬੀਬੀਸੀ ਗੁਜਰਾਤੀ ਨੇ ਜਦੋਂ ਸ਼ਰਾਬ ਪਰਮਿਟ ਦੀ ਦੁਕਾਨ ਦੇ ਮਾਲਕ ਵਿਕਰਮਭਾਈ ਓਡੇਦਰਾ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ, "ਸਾਡੀ ਜਾਣਕਾਰੀ ਮੁਤਾਬਕ, ਪੂਰੇ ਜ਼ਿਲ੍ਹੇ 'ਚ ਕਰੀਬ 1500 ਪਰਮਿਟ ਧਾਰਕ ਹਨ। ਇਹ ਸਾਰੇ ਲੋਕ ਹੁਣ ਤੱਕ ਜੂਨਾਗੜ੍ਹ, ਜਾਮਨਗਰ ਅਤੇ ਮੋਰਬੀ ਵਰਗੇ ਸ਼ਹਿਰਾਂ 'ਚ ਸ਼ਰਾਬ ਲੈਣ ਜਾਂਦੇ ਸਨ। ਹੁਣ ਉਨ੍ਹਾਂ ਨੂੰ ਆਪਣੇ ਪਰਮਿਟ 'ਤੇ ਕਾਨੂੰਨੀ ਸ਼ਰਾਬ ਲੈਣ ਲਈ ਇੰਨੀ ਦੂਰ ਨਹੀਂ ਜਾਣਾ ਪਵੇਗਾ, ਉਨ੍ਹਾਂ ਨੂੰ ਸ਼ਰਾਬ ਇੱਥੇ ਹੀ ਮਿਲ ਜਾਵੇਗੀ।"

ਓਡੇਦਰਾ ਨੇ ਕਰੀਬ ਦੋ ਸਾਲ ਪਹਿਲਾਂ ਇਸ ਪਰਮਿਟ ਸ਼ੌਪ ਲਈ ਅਰਜ਼ੀ ਦਿੱਤੀ ਸੀ।

ਉਨ੍ਹਾਂ ਨੇ ਕਿਹਾ, "ਕਰੀਬ ਦੋ ਸਾਲ ਪਹਿਲਾਂ ਅਸੀਂ ਇਸ ਮਨਜ਼ੂਰੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਅਸੀਂ ਸਭ ਤੋਂ ਪਹਿਲਾਂ ਜ਼ਿਲ੍ਹਾ ਪੱਧਰ 'ਤੇ ਅਰਜ਼ੀ ਦਿੱਤੀ ਸੀ। ਉੱਥੋਂ ਮਨਜ਼ੂਰੀ ਮਿਲਣ ਤੋਂ ਬਾਅਦ ਅਸੀਂ ਸੂਬਾ ਪੱਧਰ ਦੀ ਕਮੇਟੀ ਸਾਹਮਣੇ ਆਪਣੀ ਗੱਲ ਰੱਖੀ, ਜਿਸ ਤੋਂ ਬਾਅਦ ਪੂਰੀ ਫੀਸ ਚੁਕਾਉਣ 'ਤੇ ਸਾਨੂੰ ਇਹ ਪਰਮਿਟ ਮਿਲਿਆ ਹੈ।"

ਉਡੇਦਰਾ ਨੇ ਇਸ 'ਤੇ ਕਰੀਬ 9 ਲੱਖ ਰੁਪਏ ਖਰਚ ਕੀਤੇ ਹਨ ਅਤੇ ਉਨ੍ਹਾਂ ਨੂੰ ਹਰ ਤਿੰਨ ਮਹੀਨੇ 'ਚ ਸਰਕਾਰ ਨੂੰ 6 ਲੱਖ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।

ਪੋਰਬੰਦਰ ਦੇ ਲੋਕਾਂ ਨੇ ਸ਼ਰਾਬਬੰਦੀ ਬਾਰੇ ਕੀ ਕਿਹਾ ?

ਮਹਾਤਮਾ ਗਾਂਧੀ ਦੇ ਜਨਮ ਸਥਾਨ ਦੀ ਫਾਈਲ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਾਤਮਾ ਗਾਂਧੀ ਦੀ ਜਨਮ ਭੂਮੀ 'ਤੇ ਸ਼ਰਾਬ ਦੀ ਵਿਕਰੀ ਦੀ ਕੁਝ ਲੋਕਾਂ ਨੇ ਅਲੋਚਨਾ ਕੀਤੀ ਹੈ

ਆਬਕਾਰੀ ਵਿਭਾਗ ਮੁਤਾਬਕ, ਪੋਰਬੰਦਰ 'ਚ ਮੌਜੂਦਾ ਸਮੇਂ 'ਚ ਕਰੀਬ 1400 ਤੋਂ 1500 ਪਰਮਿਟ ਧਾਰਕ ਹਨ, ਜਿਨ੍ਹਾਂ 'ਚ ਵਿਦੇਸ਼ੀ ਪਾਸਪੋਰਟ ਧਾਰਕ ਅਤੇ ਹੈਲਥ ਪਰਮਿਟ ਧਾਰਕ ਵੀ ਸ਼ਾਮਿਲ ਹਨ।

ਬੀਬੀਸੀ ਗੁਜਰਾਤੀ ਨੇ ਇਸ ਬਾਰੇ ਪੋਰਬੰਦਰ ਐਕਸਾਈਜ਼ ਵਿਭਾਗ ਦੇ ਅਧਿਕਾਰੀ ਬਾਲੂਭਾਈ ਕਮਰਟਾ ਨਾਲ ਗੱਲ ਕੀਤੀ।

ਉਨ੍ਹਾਂ ਨੇ ਕਿਹਾ, "ਸਾਡੇ ਕੋਲ ਸਿਰਫ਼ ਦੋ ਅਰਜ਼ੀਆਂ ਆਈਆਂ ਹਨ, ਜਿਨ੍ਹਾਂ 'ਚੋਂ ਇੱਕ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਦੂਜਾ ਅਜੇ ਕਲੈਕਟਰ ਦਫ਼ਤਰ 'ਚ ਵਿਚਾਰ ਅਧੀਨ ਹੈ। ਕੋਈ ਵੀ ਅਰਜ਼ੀ ਮਿਲਣ ਤੋਂ ਬਾਅਦ ਇਸ ਦੀ ਨਿਯਮਾਂ ਮੁਤਾਬਕ ਜਾਂਚ ਕੀਤੀ ਜਾਂਦੀ ਹੈ ਅਤੇ ਫਿਰ ਅੱਗੇ ਦੀ ਕਾਰਵਾਈ ਕੀਤੀ ਜਾਂਦੀ ਹੈ।"

ਬੀਬੀਸੀ ਗੁਜਰਾਤੀ ਨੇ ਪੋਰਬੰਦਰ ਦੇ ਲੋਕਾਂ ਨਾਲ ਵੀ ਗੱਲ ਕੀਤੀ।

ਇੱਕ ਨਿੱਜੀ ਕੰਪਨੀ 'ਚ ਕੰਮ ਕਰਨ ਵਾਲੇ ਵਿਨੋਦਭਾਈ ਆਹੀਰ ਕਹਿੰਦੇ ਹਨ, "ਮਹਾਤਮਾ ਗਾਂਧੀ ਦੀ ਧਰਤੀ 'ਤੇ ਸ਼ਰਾਬ ਨੂੰ ਕਾਨੂੰਨੀ ਤੌਰ 'ਤੇ ਉਪਲਬਧ ਕਰਵਾਉਣਾ ਇੱਕ ਵੱਡੀ ਗਲਤੀ ਹੈ। ਜਿਸ ਚੀਜ਼ ਦਾ ਉਨ੍ਹਾਂ ਨੇ ਜ਼ਿੰਦਗੀ ਭਰ ਵਿਰੋਧ ਕੀਤਾ, ਉਸ ਨੂੰ ਉਨ੍ਹਾਂ ਦੀ ਜਨਮਭੂਮੀ 'ਤੇ ਕਾਨੂੰਨੀ ਤੌਰ 'ਤੇ ਦੁਕਾਨਾਂ 'ਚ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।"

ਗੁਜਰਾਤ ਵਿੱਦਿਆਪੀਠ ਦੇ ਸਾਬਕਾ ਚਾਂਸਲਰ ਨੇ ਫੈਸਲੇ ਉੱਤੇ ਸਵਾਲ ਚੁੱਕੇ ਹਨ

ਉਧਰ ਦੂਜੇ ਪਾਸੇ, ਪੋਰਬੰਦਰ 'ਚ ਇੱਕ ਗੈਰ-ਸਰਕਾਰੀ ਸੰਗਠਨ ਚਲਾਉਣ ਵਾਲੇ ਵਿਨੇਸ਼ਭਾਈ ਗੋਸਵਾਮੀ ਨੇ ਬੀਬੀਸੀ ਗੁਜਰਾਤੀ ਨਾਲ ਗੱਲ ਕਰਦਿਆਂ ਕਿਹਾ, "ਮਹਾਤਮਾ ਗਾਂਧੀ ਪੂਰੇ ਦੇਸ਼ ਦੇ ਰਾਸ਼ਟਰਪਿਤਾ ਹਨ, ਉਨ੍ਹਾਂ ਨੂੰ ਸਿਰਫ਼ ਪੋਰਬੰਦਰ ਨਾਲ ਜੋੜਨਾ ਸਹੀ ਨਹੀਂ ਹੈ। ਉਹ ਪੋਰਬੰਦਰ ਦੇ ਮੁਕਾਬਲੇ ਅਹਿਮਦਾਬਾਦ ਅਤੇ ਦਿੱਲੀ 'ਚ ਵੱਧ ਰਹੇ। ਜੇਕਰ ਉਨ੍ਹਾਂ ਦੇ ਸਨਮਾਨ 'ਚ ਸ਼ਰਾਬਬੰਦੀ ਲਾਗੂ ਕਰਨੀ ਹੈ ਤਾਂ ਇਹ ਹਰ ਥਾਂ ਹੋਣੀ ਚਾਹੀਦੀ ਹੈ, ਸਿਰਫ਼ ਉਨ੍ਹਾਂ ਦੇ ਜਨਮ ਸਥਾਨ 'ਤੇ ਨਹੀਂ।"

ਉਹ ਅੱਗੇ ਕਹਿੰਦੇ ਹਨ, "ਪੋਰਬੰਦਰ 'ਚ ਇੰਨੇ ਲੋਕਾਂ ਨੂੰ ਪਰਮਿਟ ਕਿਉਂ ਦਿੱਤਾ ਗਿਆ ਹੈ ਅਤੇ ਜੇਕਰ ਉਨ੍ਹਾਂ ਨੂੰ ਪਰਮਿਟ ਦਿੱਤਾ ਗਿਆ ਹੈ ਤਾਂ ਉਨ੍ਹਾਂ ਨੂੰ ਪਰਮਿਟ ਸ਼ੌਪ ਵੀ ਮਿਲਣੀ ਚਾਹੀਦੀ ਹੈ।"

ਪੋਰਬੰਦਰ ਦੇ ਸੀਨੀਅਰ ਪੱਤਰਕਾਰ ਪਰੇਸ਼ ਪਾਰਿਖ ਦਾ ਮੰਨਣਾ ਹੈ, "ਕਈ ਲੋਕ ਚਾਹੁੰਦੇ ਹਨ ਕਿ ਸ਼ਰਾਬਬੰਦੀ ਹਟਾ ਦਿੱਤੀ ਜਾਵੇ। ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਇਹ ਮੰਨਦੀ ਹੈ ਕਿ ਸ਼ਰਾਬ ਆਸਾਨੀ ਨਾਲ ਮਿਲਣੀ ਚਾਹੀਦੀ ਹੈ। ਹਾਲਾਂਕਿ ਦੂਜੇ ਪਾਸੇ ਅਜਿਹੇ ਵੀ ਕਈ ਲੋਕ ਹਨ ਜੋ ਮੰਨਦੇ ਹਨ ਕਿ ਕਿਉਂਕਿ ਪੋਰਬੰਦਰ ਮਹਾਤਮਾ ਗਾਂਧੀ ਦੀ ਭੂਮੀ ਹੈ, ਇਸ ਲਈ ਇੱਥੇ ਪਰਮਿਟ ਸ਼ੌਪ ਨਹੀਂ ਹੋਣੀਆਂ ਚਾਹੀਦੀਆਂ।"

ਹਾਲਾਂਕਿ ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਪੋਰਬੰਦਰ 'ਚ ਸਾਲਾਂ ਤੋਂ ਸ਼ਰਾਬ ਦੀ ਨਜਾਇਜ਼ ਵਿਕਰੀ ਚੱਲ ਰਹੀ ਹੈ।

"ਘੱਟੋ-ਘੱਟ ਪੋਰਬੰਦਰ ਨੂੰ ਤਾਂ ਛੱਡ ਦੇਣਾ ਚਾਹੀਦਾ ਸੀ"

ਮਹਾਤਮਾ ਗਾਂਧੀ ਦੀ ਫਾਈਲ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਾਂਧੀਵਾਦੀ ਵਿਚਾਰਕ ਸਰਕਾਰ ਦੇ ਇਸ ਫੈਸਲੇ ਨੂੰ ਗਲਤ ਦੱਸ ਰਹੇ ਹਨ

ਬੀਬੀਸੀ ਗੁਜਰਾਤੀ ਨੇ ਇਸ ਵਿਸ਼ੇ 'ਤੇ ਗਾਂਧੀ ਵਿਚਾਰਧਾਰਾ ਨਾਲ ਜੁੜੇ ਕੁਝ ਲੋਕਾਂ ਨਾਲ ਗੱਲ ਕੀਤੀ।

ਗੁਜਰਾਤ ਵਿੱਦਿਆਪੀਠ ਦੇ ਸਾਬਕਾ ਵਾਈਸ ਚਾਂਸਲਰ ਅਤੇ ਸਾਬਕਾ ਟਰੱਸਟੀ ਸੁਦਰਸ਼ਨ ਅਯੰਗਰ ਕਹਿੰਦੇ ਹਨ, "ਘੱਟੋ-ਘੱਟ ਪੋਰਬੰਦਰ ਨੂੰ ਤਾਂ ਛੱਡ ਦੇਣਾ ਚਾਹੀਦਾ ਸੀ। ਜੇਕਰ ਇਸ ਸਰਕਾਰ 'ਚ ਗਾਂਧੀ ਜੀ ਪ੍ਰਤੀ ਜ਼ਰਾ ਵੀ ਸਨਮਾਨ ਹੁੰਦਾ ਤਾਂ ਪੋਰਬੰਦਰ 'ਚ ਇਸ ਦੀ ਇਜਾਜ਼ਤ ਨਾ ਦਿੱਤੀ ਜਾਂਦੀ। ਗਾਂਧੀਵਾਦੀ ਵਿਚਾਰਧਾਰਾ ਨਾਲ ਕਈ ਲੋਕ ਜੁੜੇ ਹਨ, ਉਨ੍ਹਾਂ ਦਾ ਦੁਨੀਆ ਭਰ 'ਚ ਸਨਮਾਨ ਹੈ, ਪੂਰੀ ਦੁਨੀਆ ਉਨ੍ਹਾਂ ਨੂੰ ਮੰਨਦੀ ਹੈ। ਅਜਿਹੇ 'ਚ ਉਨ੍ਹਾਂ ਦੀ ਜਨਮਭੂਮੀ ਨੂੰ ਤਾਂ ਬਾਹਰ ਰੱਖਿਆ ਜਾ ਸਕਦਾ ਸੀ।"

ਇਸੇ ਤਰ੍ਹਾਂ, ਗੁਜਰਾਤ ਵਿੱਦਿਆਪੀਠ ਦੇ ਸਾਬਕਾ ਵਾਈਸ ਚਾਂਸਲਰ ਅਨਾਮਿਕ ਸ਼ਾਹ ਕਹਿੰਦੇ ਹਨ, "ਜਿਸ ਤਰ੍ਹਾਂ ਕਿਸੇ ਧਾਰਮਿਕ ਸਥਾਨ ਦੇ ਆਸ-ਪਾਸ ਕੀ ਵਿਕੇਗਾ ਅਤੇ ਕੀ ਨਹੀਂ ਵਿਕੇਗਾ, ਇਸ 'ਤੇ ਕੰਟਰੋਲ ਰੱਖਿਆ ਜਾਂਦਾ ਹੈ ਉਸੇ ਤਰ੍ਹਾਂ ਪੋਰਬੰਦਰ 'ਚ ਪਰਮਿਟ ਦੀਆਂ ਦੁਕਾਨਾਂ ਨੂੰ ਕੰਟਰੋਲ ਕਿਉਂ ਨਹੀਂ ਕੀਤਾ ਜਾ ਸਕਦਾ ? ਅਤੇ ਜੇਕਰ ਅਸੀਂ ਟੂਰਿਜ਼ਮ ਦੀ ਗੱਲ ਕਰੀਏ ਤਾਂ ਕੋਈ ਵੀ ਸ਼ਖਸ ਗਾਂਧੀ ਜੀ ਦੀ ਜਨਮਭੂਮੀ 'ਤੇ ਆ ਕੇ ਸ਼ਰਾਬ ਪੀਣਾ ਨਹੀਂ ਚਾਹੇਗਾ।"

ਸੀਨੀਅਰ ਪੱਤਰਕਾਰ ਅਤੇ ਸਮਾਜਿਕ ਕਾਰਕੁੰਨ ਪ੍ਰਕਾਸ਼ ਐਨ ਸ਼ਾਹ ਨੇ ਬੀਬੀਸੀ ਗੁਜਰਾਤੀ ਨਾਲ ਗੱਲ ਕਰਦਿਆਂ ਕਿਹਾ, "ਇੱਕ ਸਮਾਂ ਸੀ ਜਦੋਂ ਰਾਜਨੀਤਕ ਦਲ ਆਪਣੇ ਚੋਣ ਘੋਸ਼ਣਾ ਪੱਤਰ 'ਚ ਸ਼ਰਾਬਬੰਦੀ ਨੂੰ ਜਾਇਜ਼ ਠਹਿਰਾਉਣ ਦੀ ਗੱਲ ਕਰਦੇ ਸਨ ਅਤੇ ਹੁਣ ਇਹ ਗੱਲ ਜ਼ਮੀਨੀ ਪੱਧਰ 'ਤੇ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਦਾ ਨੁਕਸਾਨ ਇਹ ਹੈ ਕਿ ਜਿਸ ਚੀਜ਼ ਦਾ ਗਾਂਧੀ ਜੀ ਵਿਰੋਧ ਕਰ ਰਹੇ ਸਨ, ਯਾਨੀ ਸ਼ਰਾਬ, ਹੌਲੀ-ਹੌਲੀ ਲੋਕਾਂ ਦੀ ਪਹੁੰਚ 'ਚ ਹੁੰਦੀ ਜਾ ਰਹੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)