ਕੀ ਕੱਛ 'ਚੋਂ ਆਉਣ ਵਾਲੀ ਦੁਰਗੰਧ ਦਾ ਕਾਰਨ ਸਿਰਫ਼ ਪਸੀਨਾ ਹੈ ਜਾਂ ਇਸ ਦੇ ਹੋਰ ਕਾਰਨ ਵੀ ਹੋ ਸਕਦੇ ਹਨ

ਤਸਵੀਰ ਸਰੋਤ, Getty Images
- ਲੇਖਕ, ਕੇ. ਸ਼ੁਭਗੁਣਮ
- ਰੋਲ, ਬੀਬੀਸੀ ਤਮਿਲ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਲਗਭਗ ਹਰ ਕਿਸੇ ਨੇ ਕਦੇ ਨਾ ਕਦੇ ਇਹ ਤਜਰਬਾ ਕੀਤਾ ਹੈ, ਭਾਵੇਂ ਕਸਰਤ ਕਰਨ ਤੋਂ ਬਾਅਦ ਹੋਵੇ, ਭੀੜ ਭਰੀ ਬੱਸ ਜਾਂ ਟ੍ਰੇਨ ਤੋਂ ਬਾਹਰ ਨਿਕਲਣ ਸਮੇਂ ਜਾਂ ਗਰਮੀਆਂ ਵਿੱਚ ਧੁੱਪ 'ਚ ਲੰਬੇ ਸਮੇਂ ਤੱਕ ਕੰਮ ਕਰਨ ਤੋਂ ਬਾਅਦ।
ਅਜਿਹੀਆਂ ਸਥਿਤੀਆਂ 'ਚ ਅਕਸਰ ਕੱਛ 'ਚੋਂ ਬੇਹੱਦ ਦੁਰਗੰਧ ਮਹਿਸੂਸ ਹੁੰਦੀ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਇਸ ਦੀ ਵਜ੍ਹਾ ਪਸੀਨਾ ਹੈ ਪਰ ਵਿਗਿਆਨਕਾਂ ਮੁਤਾਬਕ ਸਰੀਰ 'ਚੋਂ ਨਿਕਲਣ ਵਾਲੇ ਪਸੀਨੇ ਦੀ ਕੋਈ ਗੰਧ ਨਹੀਂ ਹੁੰਦੀ।
ਦੂਜੇ ਪਾਸੇ ਮਾਹਰਾਂ ਦਾ ਕਹਿਣਾ ਹੈ ਕਿ ਸਰੀਰ ਦੀ ਦੁਰਗੰਧ ਪਸੀਨੇ, ਚਮੜੀ 'ਤੇ ਮੌਜੂਦ ਬੈਕਟੀਰੀਆ ਅਤੇ ਕੱਛ ਦੇ ਆਸ-ਪਾਸ ਦੇ ਤਾਪਮਾਨ ਦਾ ਨਤੀਜਾ ਹੁੰਦੀ ਹੈ।
ਬ੍ਰਿਟੇਨ ਦੀ ਕੌਮੀ ਸਿਹਤ ਸੇਵਾ ਦਾ ਕਹਿਣਾ ਹੈ, "ਸਰੀਰ ਦੀ ਦੁਰਗੰਧ ਪਸੀਨੇ ਕਾਰਨ ਨਹੀਂ ਬਲਕਿ ਚਮੜੀ 'ਤੇ ਮੌਜੂਦ ਬੈਕਟੀਰੀਆ ਦੀ ਕਿਰਿਆ ਕਾਰਨ ਹੁੰਦੀ ਹੈ।"
ਸੋਧਕਰਤਾ ਦਹਾਕਿਆਂ ਤੋਂ ਇਸ ਗੱਲ ਦਾ ਅਧਿਐਨ ਕਰ ਰਹੇ ਹਨ ਕਿ ਸਰੀਰ ਦੇ ਕੁਝ ਹਿੱਸੇ ਜਿਵੇਂ ਕਿ ਕੱਛ ਅਤੇ ਜਣਨ ਅੰਗਾਂ ਤੋਂ ਹੋਰਨਾਂ ਹਿੱਸਿਆਂ ਦੇ ਮੁਕਾਬਲੇ ਵਧੇਰੇ ਦੁਰਗੰਧ ਕਿਉਂ ਆਉਂਦੀ ਹੈ।
ਇਨ੍ਹਾਂ ਅਧਿਐਨਾਂ ਦੇ ਨਤੀਜੇ ਮਨੁੱਖੀ ਸਰੀਰ ਦੀ ਅਨੋਖੀ ਪਸੀਨਾ ਗ੍ਰੰਥੀਆਂ, ਸੂਖਮ ਜੀਵਾਂ ਅਤੇ ਵਿਕਾਸ ਨਾਲ ਜੁੜੀ ਇੱਕ ਦਿਲਚਸਪ ਕਹਾਣੀ ਦਾ ਖੁਲਾਸਾ ਕਰਦੇ ਹਨ।
ਕੱਛ ਸਰੀਰ ਦੇ ਹੋਰਨਾਂ ਹਿੱਸਿਆਂ ਤੋਂ ਵੱਖ ਕਿਵੇਂ ਹੈ ?

ਤਸਵੀਰ ਸਰੋਤ, Getty Images
ਹਾਰਵਰਡ ਮੈਡੀਕਲ ਸਕੂਲ ਦੀ ਵੈੱਬਸਾਈਟ ਮੁਤਾਬਕ ਮਨੁੱਖੀ ਸਰੀਰ 'ਚ ਦੋ ਤਰ੍ਹਾਂ ਦੀਆਂ ਪਸੀਨਾ ਗ੍ਰੰਥੀਆਂ ਹੁੰਦੀਆਂ ਹਨ।
ਪਹਿਲੀ ਕਿਸਮ ਹੈ ਐਕ੍ਰੀਨ ਗ੍ਰੰਥੀਆਂ। ਇਹ ਗ੍ਰੰਥੀਆਂ ਸਰੀਰ ਦੇ ਜ਼ਿਆਦਾਤਰ ਹਿੱਸਿਆਂ 'ਚ ਪਾਈਆਂ ਜਾਂਦੀਆਂ ਹਨ। ਇਹ ਪਾਣੀ ਵਰਗਾ ਪਸੀਨਾ ਪੈਦਾ ਕਰਦੀਆਂ ਹਨ ਜੋ ਮੁੱਖ ਤੌਰ 'ਤੇ ਪਾਣੀ ਅਤੇ ਵੱਖ-ਵੱਖ ਲੂਣਾਂ ਤੋਂ ਬਣਿਆ ਹੁੰਦਾ ਹੈ।
ਇਨ੍ਹਾਂ ਗ੍ਰੰਥੀਆਂ ਦਾ ਮੁੱਖ ਕੰਮ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨਾ ਹੈ। ਇਨ੍ਹਾਂ ਗ੍ਰੰਥੀਆਂ 'ਚੋਂ ਨਿਕਲਣ ਵਾਲਾ ਪਸੀਨਾ ਭਾਫ਼ ਬਣਕੇ ਸਰੀਰ ਨੂੰ ਠੰਡਾ ਕਰਦਾ ਹੈ।
ਦੂਜੇ ਕਿਸਮ ਦੀ ਗ੍ਰੰਥੀ ਨੂੰ ਐਪੋਕ੍ਰੀਨ ਗ੍ਰੰਥੀ ਕਿਹਾ ਜਾਂਦਾ ਹੈ। ਇਹ ਗ੍ਰੰਥੀਆਂ ਕੱਛ ਅਤੇ ਢਿੱਡ ਦੇ ਹੇਠਲੇ ਹਿੱਸੇ 'ਚ ਪਾਈਆਂ ਜਾਂਦੀਆਂ ਹਨ। ਇਹ ਗ੍ਰੰਥੀਆਂ ਯੁਵਾਵਸਥਾ ਦੀ ਸ਼ੁਰੂਆਤ 'ਤੇ ਸਰਗਰਮ ਹੋ ਜਾਂਦੀਆਂ ਹਨ ਅਤੇ ਪ੍ਰੋਟੀਨ, ਚਰਬੀ ਅਤੇ ਹੋਰ ਜੈਵਿਕ ਤੱਤਾਂ ਨਾਲ ਭਰਪੂਰ ਇੱਕ ਗਾੜ੍ਹਾ ਤਰਲ ਪਦਾਰਥ ਦਾ ਰਿਸਾਅ ਕਰਦੀਆਂ ਹਨ।
ਫੇਮਸ (ਐਫਈਐਮਐਸ) ਨਾਮੀ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਗੋਰਡਨ ਜੇਮਜ਼ ਅਤੇ ਉਨ੍ਹਾਂ ਦੀ ਟੀਮ ਦੇ 2013 ਦੇ ਇੱਕ ਅਧਿਐਨ ਅਨੁਸਾਰ, ਐਪੋਕ੍ਰੀਨ ਗ੍ਰੰਥੀਆਂ 'ਚੋਂ ਹੋਣ ਵਾਲਾ ਰਿਸਾਅ ਸ਼ੁਰੂ ਵਿੱਚ ਬਿਨਾਂ ਕਿਸੇ ਗੰਧ ਦੇ ਹੁੰਦਾ ਹੈ।
ਹਾਲਾਂਕਿ, ਚਮੜੀ ਉੱਤੇ ਮੌਜੂਦ ਬੈਕਟੀਰੀਆ ਇਨ੍ਹਾਂ ਤੱਤਾਂ ਨੂੰ ਉੱਡਣਸ਼ੀਲ ਰਸਾਇਣਾਂ ਵਿੱਚ ਬਦਲ ਦਿੰਦੇ ਹਨ, ਜਿਨ੍ਹਾਂ ਨੂੰ ਮਨੁੱਖ ਸਰੀਰ ਦੀ ਬਦਬੂ ਵਜੋਂ ਮਹਿਸੂਸ ਕਰਦੇ ਹਨ।
ਇਸ ਨਾਲ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਕੱਛਾਂ ਤੋਂ ਨਿਕਲਣ ਵਾਲਾ ਪਸੀਨਾ ਆਮ ਤੌਰ 'ਤੇ ਮੱਥੇ, ਹੱਥਾਂ ਜਾਂ ਪਿੱਠ ਤੋਂ ਨਿਕਲਣ ਵਾਲੇ ਪਸੀਨੇ ਦੇ ਮੁਕਾਬਲੇ ਵੱਧ ਬਦਬੂਦਾਰ ਕਿਉਂ ਹੁੰਦਾ ਹੈ।

ਤਸਵੀਰ ਸਰੋਤ, Getty Images
ਫੇਮਸ (ਐਫਈਐਮਐਸ) ਮਾਈਕ੍ਰੋਬਾਇਓਲੋਜੀ ਇਕੋਲੋਜੀ ਨਾਮੀ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਅਨੁਸਾਰ, ਸਰੀਰ ਦੀ ਬਦਬੂ ਉਸ ਵੇਲੇ ਪੈਦਾ ਹੁੰਦੀ ਹੈ ਜਦੋਂ ਬੈਕਟੀਰੀਆ ਕੁਦਰਤੀ ਤੌਰ 'ਤੇ ਬਿਨਾਂ ਗੰਧ ਵਾਲੇ ਤਰਲ ਪਦਾਰਥਾਂ ਨੂੰ ਉੱਡਣਸ਼ੀਲ ਰਸਾਇਣਾਂ ਵਿੱਚ ਤਬਦੀਲ ਕਰ ਦਿੰਦੇ ਹਨ।
ਇਸ ਤੋਂ ਇਲਾਵਾ, ਖੋਜਕਰਤਾਵਾਂ ਦਾ ਕਹਿਣਾ ਹੈ ਕਿ ਕੱਛ ਦੇ ਆਸ-ਪਾਸ ਦਾ ਹਿੱਸਾ ਗਰਮ, ਨਮੀ ਵਾਲਾ ਅਤੇ ਪੌਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜੋ ਬਦਬੂ ਪੈਦਾ ਕਰਨ ਵਾਲੇ ਸੂਖਮ ਜੀਵਾਂ ਦੇ ਸੰਘਣੇ ਸਮੂਹਾਂ ਦੇ ਤੇਜ਼ੀ ਨਾਲ ਵਧਣ ਦਾ ਕਾਰਨ ਬਣਦਾ ਹੈ।
ਮਨੁੱਖੀ ਚਮੜੀ ਅਰਬਾਂ ਸੂਖਮ ਜੀਵਾਂ ਦਾ ਘਰ ਹੁੰਦੀ ਹੈ। ਇਨ੍ਹਾਂ ਸਾਰਿਆਂ ਨੂੰ ਚਮੜੀ ਦਾ ਮਾਈਕ੍ਰੋਬਾਇਓਮ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸੂਖਮ ਜੀਵ ਨੁਕਸਾਨ ਰਹਿਤ ਹੁੰਦੇ ਹਨ। ਹਾਲਾਂਕਿ, ਕੁਝ ਸੂਖਮ ਜੀਵ ਕੱਛਾਂ ਦੀ ਬਦਬੂ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
'ਨੇਚਰ ਰਿਵਿਊਜ਼ ਮਾਈਕ੍ਰੋਬਾਇਓਲੋਜੀ' ਅਤੇ 'ਮਾਈਕ੍ਰੋਬਾਇਓਮ' ਵਰਗੀਆਂ ਮੈਗਜ਼ੀਨਾਂ 'ਚ ਪ੍ਰਕਾਸ਼ਿਤ ਅਧਿਐਨਾਂ ਨੇ ਕੋਰੀਨੇਬੈਕਟੀਰੀਅਮ ਅਤੇ ਸਟੈਫਿਲੋਕੋਕਸ ਨਾਮੀ ਜੀਵਾਣੂੰ ਵੰਸ਼ਾਂ ਦੀਆਂ ਪ੍ਰਜਾਤੀਆਂ ਨੂੰ ਮੁੱਖ ਕਾਰਕ ਵੱਜੋਂ ਪਛਾਣਿਆ ਹੈ।

ਤਸਵੀਰ ਸਰੋਤ, Getty Images
ਅਧਿਐਨ ਅਨੁਸਾਰ, "ਇਹ ਸੂਖਮ ਜੀਵ ਐਪੋਕ੍ਰੀਨ ਗ੍ਰੰਥੀਆਂ ਦੁਆਰਾ ਪੈਦਾ ਕੀਤੇ ਪਸੀਨੇ ਵਿੱਚ ਮੌਜੂਦ ਤੱਤਾਂ ਨੂੰ ਤੋੜਦੇ ਹਨ ਅਤੇ ਸਲਫਰ ਵਾਲੇ ਤੱਤਾਂ, ਛੋਟੀ ਲੜੀ ਵਾਲੇ ਫੈਟੀ ਐਸਿਡ ਅਤੇ ਸਟੇਰਾਇਡ ਰਸਾਇਣਾਂ ਵਰਗੇ ਉੱਡਣਸ਼ੀਲ ਅਣੂਆਂ ਨੂੰ ਮੁਕਤ ਕਰਦੇ ਹਨ।"
ਇਹੀ ਰਸਾਇਣ ਸਰੀਰ ਦੀ ਬਦਬੂ ਨਾਲ ਜੁੜੀ ਤਿੱਖੀ, ਪਿਆਜ਼ ਵਰਗੀ ਅਤੇ ਸਲਫਰ ਵਾਲੀ ਗੰਧ ਲਈ ਵੀ ਜ਼ਿੰਮੇਵਾਰ ਹੁੰਦੇ ਹਨ।
ਸਾਲ 2020 ਵਿੱਚ, ਯਾਰਕ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਸਟੈਫਿਲੋਕੋਕਸ ਹੋਮਿਨਿਸ ਨਾਮੀ ਬੈਕਟੀਰੀਆ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਇੱਕ ਖਾਸ ਐਨਜ਼ਾਈਮ ਦੀ ਪਛਾਣ ਕੀਤੀ, ਜੋ ਬਿਨਾਂ ਗੰਧ ਵਾਲੇ ਪਸੀਨੇ ਦੇ ਅਣੂਆਂ ਨੂੰ ਤਿੱਖੀ ਸਲਫਰ ਵਾਲੀ ਗੰਧ ਪੈਦਾ ਕਰਨ ਵਾਲੇ ਤੱਤਾਂ ਵਿੱਚ ਬਦਲ ਦਿੰਦਾ ਹੈ।
ਸਾਇੰਟਿਫਿਕ ਰਿਪੋਰਟਸ ਨਾਮੀ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ "ਸਰੀਰ ਦੀ ਬਦਬੂ ਦੇ ਪਿੱਛੇ ਮੌਜੂਦ ਇਹ ਜੈਵਿਕ ਪ੍ਰਣਾਲੀ ਲੱਖਾਂ ਸਾਲ ਪਹਿਲਾਂ ਵਿਕਸਿਤ ਹੋਈ ਹੋ ਸਕਦੀ ਹੈ।"
ਯਾਰਕ ਯੂਨੀਵਰਸਿਟੀ ਦੇ ਸੂਖਮ ਜੀਵ ਵਿਗਿਆਨੀ ਅਤੇ ਖੋਜ ਟੀਮ ਦੇ ਮੈਂਬਰ ਪ੍ਰੋਫੈਸਰ ਕੇਵਿਨ ਥਾਮਸ ਨੇ ਕਿਹਾ, "ਇਸ ਖੋਜ ਰਾਹੀਂ ਅਸੀਂ ਇੱਕ ਅਜਿਹੀ ਰਸਾਇਣਕ ਪ੍ਰਕਿਰਿਆ ਦੀ ਪਛਾਣ ਕੀਤੀ ਹੈ ਜੋ ਕੱਛਾਂ ਦੀ ਬਦਬੂ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।"
ਸਰੀਰ ਦੀ ਬਦਬੂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਵੱਖਰੀ ਕਿਉਂ ਹੁੰਦੀ ਹੈ?

ਤਸਵੀਰ ਸਰੋਤ, Getty Images
ਸਰੀਰ ਦੀ ਬਦਬੂ ਦਾ ਪੱਧਰ ਅਤੇ ਕਿਸਮ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਕਾਫੀ ਵੱਖ ਹੋ ਸਕਦਾ ਹੈ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਇਸ ਵਿੱਚ ਜੈਨੇਟਿਕ ਬਣਤਰ ਦੀ ਅਹਿਮ ਭੂਮਿਕਾ ਹੁੰਦੀ ਹੈ।
ਇਸ ਦਾ ਪ੍ਰਸਿੱਧ ਉਦਾਹਰਨ ਏਬੀਸੀਸੀ11 ਨਾਮੀ ਜੀਨ ਹੈ। ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਇਸ ਜੀਨ ਦੇ ਖਾਸ ਕਿਸਮ ਵਾਲੇ ਲੋਕ, ਜੋ ਆਮ ਤੌਰ 'ਤੇ ਪੂਰਬੀ ਏਸ਼ੀਆਈ ਲੋਕਾਂ 'ਚ ਪਾਇਆ ਜਾਂਦਾ ਹੈ, ਕੱਛ ਦੀ ਦੁਰਗੰਧ ਨਾਲ ਜੁੜੇ ਰਸਾਇਣਕ ਤੱਤਾਂ ਦਾ ਘੱਟ ਪੱਧਰ ਪੈਦਾ ਕਰਦੇ ਹਨ।
ਏਬੀਸੀਸੀ11 ਜੀਨ ਨੂੰ ਸਰੀਰ ਦੀ ਗੰਧ ਨੂੰ ਪ੍ਰਭਾਵਿਤ ਕਰਨ ਵਾਲੇ ਸਭ ਤੋਂ ਮਜ਼ਬੂਤ ਜੈਨੇਟਿਕ ਕਾਰਕਾਂ 'ਚੋਂ ਇੱਕ ਮੰਨਿਆ ਜਾਂਦਾ ਹੈ।
ਬਾਅਦ ਦੇ ਅਧਿਐਨਾਂ ਤੋਂ ਪਤਾ ਲੱਗਿਆ ਕਿ ਇਹੀ ਜੈਨੇਟਿਕ ਭਿੰਨਤਾ ਕੱਛ ਦੀ ਬਦਬੂ ਨੂੰ ਘੱਟ ਕਰਨ ਨਾਲ ਵੀ ਮਜ਼ਬੂਤੀ ਨਾਲ ਜੁੜੀ ਹੋਈ ਹੈ।
ਖੋਜਕਰਤਾਵਾਂ ਦਾ ਅਨੁਮਾਨ ਹੈ ਕਿ ਇਸ ਕਿਸਮ ਦਾ ਜੀਨ ਚੀਨ, ਕੋਰੀਆ ਅਤੇ ਜਪਾਨ ਵਰਗੇ ਦੇਸ਼ਾਂ ਦੇ ਲੋਕਾਂ ਦੇ ਇੱਕ ਵੱਡੇ ਅਨੁਪਾਤ 'ਚ ਪਾਇਆ ਜਾਂਦਾ ਹੈ।
ਵੱਡੇ ਹਿੱਸੇ ਦੇ ਲੋਕਾਂ ਵਿੱਚ ਪਾਇਆ ਜਾਂਦਾ ਹੈ, ਜਦਕਿ ਯੂਰਪੀ ਅਤੇ ਅਫ਼ਰੀਕੀ ਮੂਲ ਦੇ ਲੋਕਾਂ ਵਿੱਚ ਇਹ ਕਾਫ਼ੀ ਘੱਟ ਮਾਤਰਾ 'ਚ ਪਾਇਆ ਜਾਂਦਾ ਹੈ।
ਇਸੇ ਤਰ੍ਹਾਂ, ਮਾਹਰਾਂ ਦਾ ਕਹਿਣਾ ਹੈ ਕਿ ਹਾਰਮੋਨਾਂ ਵਿੱਚ ਹੋਣ ਵਾਲੇ ਬਦਲਾਅ ਵੀ ਸਰੀਰ ਦੀ ਬਦਬੂ ਲਈ ਜ਼ਿੰਮੇਵਾਰ ਹੋ ਸਕਦੇ ਹਨ। ਐਪੋਕ੍ਰੀਨ ਗ੍ਰੰਥੀਆਂ ਯੁਵਾਵਸਥਾ ਦੌਰਾਨ ਪਹਿਲੀ ਵਾਰ ਸਰਗਰਮ ਹੁੰਦੀਆਂ ਹਨ, ਇਸ ਲਈ ਇਸ ਉਮਰ ਵਿੱਚ ਸਰੀਰ ਦੀ ਬਦਬੂ ਆਮ ਤੌਰ 'ਤੇ ਵਧੇਰੇ ਮਹਿਸੂਸ ਹੁੰਦੀ ਹੈ।
ਇਸ ਤੋਂ ਇਲਾਵਾ, ਗਰਭ ਅਵਸਥਾ, ਮਾਹਵਾਰੀ ਅਤੇ ਮੈਨੋਪੌਜ਼ ਦੌਰਾਨ ਹਾਰਮੋਨਾਂ ਦੇ ਪੱਧਰਾਂ ਵਿੱਚ ਆਉਣ ਵਾਲੇ ਬਦਲਾਅ ਵੀ ਸਰੀਰ ਦੀ ਗੰਧ ਵਿੱਚ ਤਬਦੀਲੀਆਂ ਲਿਆ ਸਕਦੇ ਹਨ।
ਕੀ ਭੋਜਨ ਨਾਲ ਸਰੀਰ ਦੀ ਬਦਬੂ ਆ ਸਕਦੀ ਹੈ ?
ਭੋਜਨ ਸਰੀਰ ਦੀ ਗੰਧ ਨੂੰ ਪ੍ਰਭਾਵਿਤ ਕਰ ਸਕਦਾ ਹੈ, ਪਰ ਇਸ ਦਾ ਅਸਰ ਹਰ ਵਿਅਕਤੀ ਵਿੱਚ ਵੱਖੋ-ਵੱਖਰਾ ਹੋ ਸਕਦਾ ਹੈ।
ਕਲੀਵਲੈਂਡ ਕਲੀਨਿਕ ਦੀ ਵੈੱਬਸਾਈਟ ਅਨੁਸਾਰ, ਲਸਣ, ਪਿਆਜ਼, ਬ੍ਰੋਕਲੀ, ਬੰਦਗੋਭੀ ਅਤੇ ਫੁੱਲਗੋਭੀ ਵਰਗੇ ਸਲਫਰ-ਭਰਪੂਰ ਖਾਦ ਪਦਾਰਥ ਆਮ ਤੌਰ 'ਤੇ ਸਰੀਰ ਦੀ ਗੰਧ ਵਿੱਚ ਬਦਲਾਅ ਨਾਲ ਜੁੜੇ ਹੁੰਦੇ ਹਨ।
ਕਲੀਵਲੈਂਡ ਕਲੀਨਿਕ ਦੇ ਅਨੁਸਾਰ, ਕਿਉਂਕਿ ਸਲਫਰ ਵਾਲੇ ਤੱਤ ਪਸੀਨੇ ਰਾਹੀਂ ਸਰੀਰ ਤੋਂ ਬਾਹਰ ਨਿਕਲ ਸਕਦੇ ਹਨ, ਇਸ ਲਈ ਸ਼ਰਾਬ ਅਤੇ ਮਸਾਲੇਦਾਰ ਭੋਜਨ ਵੀ ਅਸਿੱਧੇ ਤੌਰ 'ਤੇ ਇਸ ਵਿੱਚ ਯੋਗਦਾਨ ਪਾ ਸਕਦੇ ਹਨ।
ਨਤੀਜੇ ਵਜੋਂ, ਸਰੀਰ ਦੀ ਦੁਰਗੰਧ ਲਈ ਜ਼ਿੰਮੇਵਾਰ ਬੈਕਟੀਰੀਆ ਦੀ ਗਤੀਵਿਧੀ ਲਈ ਇੱਕ ਅਨੁਕੂਲ ਵਾਤਾਵਰਨ ਬਣ ਜਾਂਦਾ ਹੈ।
ਹਾਲਾਂਕਿ, ਮਾਹਰ ਚੇਤਾਵਨੀ ਦਿੰਦੇ ਹਨ ਕਿ ਲਗਾਤਾਰ ਸਰੀਰ ਦੀ ਬਦਬੂ ਦਾ ਇਕੱਲਾ ਕਾਰਨ ਸਿਰਫ਼ ਖੁਰਾਕ ਹੋਣਾ ਬਹੁਤ ਹੀ ਘੱਟ ਹੁੰਦਾ ਹੈ।
ਜ਼ਿਆਦਾਤਰ ਮਾਮਲਿਆਂ 'ਚ ਸਰੀਰ ਦੀ ਗੰਧ ਪੂਰੀ ਤਰ੍ਹਾਂ ਨਾਲ ਸਧਾਰਨ ਹੁੰਦੀ ਹੈ ਪਰ ਹਾਰਵਰਡ ਮੈਡੀਕਲ ਸਕੂਲ ਦੀ ਵੈੱਬਸਾਈਟ ਮੁਤਾਬਕ ਕਦੇ-ਕਦੇ ਸਰੀਰ ਦੀ ਗੰਧ 'ਚ ਅਚਾਨਕ ਜਾਂ ਅਸਧਾਰਨ ਬਦਲਾਅ ਕਿਸੇ ਅੰਦਰੂਨੀ ਸਿਹਤ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।

ਉਦਾਹਰਨ ਵਜੋਂ, ਕਲੀਵਲੈਂਡ ਕਲੀਨਿਕ ਮੁਤਾਬਕ, ਬਹੁਤ ਜ਼ਿਆਦਾ ਪਸੀਨਾ ਆਉਣਾ (ਹਾਈਪਰਹਾਈਡ੍ਰੋਸਿਸ) ਸ਼ੂਗਰ, ਜਿਗਰ ਨੂੰ ਨੁਕਸਾਨ, ਗੁਰਦਿਆਂ ਨੂੰ ਨੁਕਸਾਨ ਅਤੇ ਕੁਝ ਪਾਚਕ (ਮੈਟਾਬੋਲਿਕ) ਬਿਮਾਰੀਆਂ ਵਰਗੀਆਂ ਸਮੱਸਿਆਵਾਂ ਦਾ ਸੰਕੇਤ ਹੋ ਸਕਦਾ ਹੈ।
ਟ੍ਰਾਈਮਿਥਾਈਲਮਿਨੂਰੀਆ ਨਾਮ ਦੀ ਇੱਕ ਦੁਰਲੱਭ ਜੈਨੇਟਿਕ ਸਥਿਤੀ ਵੀ ਹੈ, ਜਿਸ ਨੂੰ "ਮੱਛੀ ਵਰਗੀ ਗੰਧ ਵਾਲਾ ਸਿੰਡ੍ਰੋਮ" ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।
ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਮੁਤਾਬਕ, ਇਸ ਸਥਿਤੀ ਨਾਲ ਪੀੜਤ ਲੋਕ ਟ੍ਰਾਈਮਿਥਾਈਲਮਾਈਨ ਨਾਮੀ ਪਦਾਰਥ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਤੋੜ ਨਹੀਂ ਪਾਉਂਦੇ। ਇਸ ਕਾਰਨ ਉਨ੍ਹਾਂ ਦੇ ਪਸੀਨੇ, ਪਿਸ਼ਾਬ ਅਤੇ ਸਾਹ ਵਿੱਚ ਮੱਛੀ ਵਰਗੀ ਇੱਕ ਖ਼ਾਸ ਗੰਧ ਆਉਂਦੀ ਹੈ।
ਇਸ ਲਈ, ਐਨਐਚਐਸ ਨੇ ਇਹ ਸਿਫ਼ਾਰਸ਼ ਕੀਤੀ ਹੈ ਕਿ ਜੇ ਸਰੀਰ ਦੀ ਬਦਬੂ ਅਚਾਨਕ ਸ਼ੁਰੂ ਹੋ ਜਾਵੇ, ਆਮ ਨਾਲੋਂ ਕਾਫ਼ੀ ਜ਼ਿਆਦਾ ਤਿੱਖੀ ਹੋਵੇ ਜਾਂ ਹੋਰ ਲੱਛਣਾਂ ਦੇ ਨਾਲ ਨਜ਼ਰ ਆਵੇ, ਤਾਂ ਤੁਹਾਨੂੰ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਕੱਛ ਦੀ ਬਦਬੂ ਘੱਟ ਕਰਨ ਦੇ ਤਰੀਕੇ

ਤਸਵੀਰ ਸਰੋਤ, Getty Images
ਅਧਿਐਨਾਂ ਅਨੁਸਾਰ, ਕਿਉਂਕਿ ਬੈਕਟੀਰੀਆ ਸਰੀਰ ਦੀ ਬਦਬੂ ਪੈਦਾ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ, ਇਸ ਲਈ ਸਰੀਰ ਨੂੰ ਨਿਯਮਿਤ ਤੌਰ 'ਤੇ ਸਾਫ਼ ਰੱਖਣ ਨਾਲ ਪਸੀਨੇ ਨੂੰ ਤੋੜਨ ਵਾਲੇ ਸੂਖਮ ਜੀਵਾਂ ਦੀ ਗਿਣਤੀ ਘੱਟ ਜਾਂਦੀ ਹੈ।
ਨੈਸ਼ਨਲ ਇੰਸਟੀਚਿਊਟਸ ਆਫ ਹੈਲਥ (ਐਨਆਈਐਚ) ਸਲਾਹ ਦਿੰਦਾ ਹੈ ਕਿ ਤੁਹਾਨੂੰ ਹਰ ਰੋਜ਼ ਆਪਣੇ ਸਰੀਰ ਨੂੰ ਸਾਫ ਕਰਨਾ ਚਾਹੀਦਾ ਹੈ। ਖਾਸ ਤੌਰ 'ਤੇ ਕਸਰਤ ਕਰਨ ਜਾਂ ਗਰਮ ਮੌਸਮ 'ਚ ਯਾਤਰਾ ਕਰਨ ਤੋਂ ਬਾਅਦ। ਇਹ ਵੀ ਕਿਹਾ ਗਿਆ ਹੈ ਕਿ ਕੱਛ, ਪੱਟ ਦੇ ਉੱਪਰੀ ਹਿੱਸੇ ਅਤੇ ਪੈਰਾਂ ਦੇ ਤਲਵਿਆਂ ਨੂੰ ਵਿਸ਼ੇਸ਼ ਤੌਰ 'ਤੇ ਸਾਫ਼ ਕਰਨਾ ਲਾਭਦਾਇਕ ਹੁੰਦਾ ਹੈ।
ਇਸੇ ਤਰ੍ਹਾਂ, ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਐਂਟੀਪਰਸਪਿਰੈਂਟ (ਪਸੀਨਾ ਰੋਕਣ ਵਾਲੇ ਉਤਪਾਦ) ਦਾ ਇਸਤੇਮਾਲ ਵੀ ਪ੍ਰਭਾਵਸ਼ਾਲੀ ਹੁੰਦਾ ਹੈ। ਇਨ੍ਹਾਂ ਵਿੱਚ ਮੌਜੂਦ ਐਲੂਮੀਨੀਅਮ-ਅਧਾਰਿਤ ਤੱਤ ਪਸੀਨੇ ਦੀਆਂ ਨਲੀਆਂ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੰਦੇ ਹਨ, ਜਿਸ ਨਾਲ ਪਸੀਨਾ ਘੱਟ ਨਿਕਲਦਾ ਹੈ।
ਅਮਰੀਕਨ ਅਕੈਡਮੀ ਆਫ ਡਰਮੈਟੋਲੋਜੀ ਅਨੁਸਾਰ, ਇਸ ਤਰ੍ਹਾਂ ਪਸੀਨੇ ਦੀ ਮਾਤਰਾ ਘਟਾ ਕੇ ਬਦਬੂ ਪੈਦਾ ਕਰਨ ਵਾਲੀਆਂ ਜੀਵਾਣੂੰ ਪ੍ਰਕਿਰਿਆਵਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਮਾਹਰ ਇਹ ਵੀ ਸਲਾਹ ਦਿੰਦੇ ਹਨ ਕਿ ਕੱਪੜੇ ਨਿਯਮਿਤ ਤੌਰ 'ਤੇ ਬਦਲੇ ਜਾਣੇ ਚਾਹੀਦੇ ਹਨ ਕਿਉਂਕਿ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਕੱਪੜਿਆਂ 'ਤੇ ਵੀ ਪੈਦਾ ਹੋ ਸਕਦੇ ਹਨ।
ਕੁਝ ਅਧਿਐਨ ਦਰਸਾਉਂਦੇ ਹਨ ਕਿ ਕੱਛ ਦੇ ਵਾਲਾਂ ਨੂੰ ਕੱਟਣ ਜਾਂ ਹਟਾਉਣ ਨਾਲ ਵੀ ਕੁਝ ਹੱਦ ਤੱਕ ਬਦਬੂ ਘੱਟ ਹੋ ਸਕਦੀ ਹੈ।
ਵਾਲਾਂ ਵਿੱਚ ਪਸੀਨਾ ਅਤੇ ਬੈਕਟੀਰੀਆ ਇਕੱਠੇ ਹੋਣ ਲਈ ਵਧੇਰੇ ਸਤ੍ਹਾ ਹੁੰਦੀ ਹੈ, ਜਿਸ ਨਾਲ ਬਦਬੂ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ।
ਹਾਲਾਂਕਿ, 'ਜਰਨਲ ਆਫ ਕਾਸਮੈਟਿਕ ਡਰਮੈਟੋਲੋਜੀ' ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਕੱਛ ਨੂੰ ਧੋਣ ਦੇ ਮੁਕਾਬਲੇ ਇਸ ਦੇ ਵਾਲ ਹਟਾਉਣ ਨਾਲ ਗੰਧ ਨੂੰ ਕਾਫੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












